6 ਜਨਵਰੀ ਤੋਂ ਯੂ. ਕੇ. ਲਈ ਉਡਾਣਾਂ ਹੋਣਗੀਆਂ ਸ਼ੁਰੂ, ਜਾਣੋ ਇਹ 5 ਅਹਿਮ ਗੱਲਾਂ

Tuesday, Jan 05, 2021 - 10:40 PM (IST)

6 ਜਨਵਰੀ ਤੋਂ ਯੂ. ਕੇ. ਲਈ ਉਡਾਣਾਂ ਹੋਣਗੀਆਂ ਸ਼ੁਰੂ, ਜਾਣੋ ਇਹ 5 ਅਹਿਮ ਗੱਲਾਂ

ਨਵੀਂ ਦਿੱਲੀ- ਭਾਰਤ ਤੋਂ ਯੂ. ਕੇ. ਲਈ ਉਡਾਣਾਂ 6 ਜਨਵਰੀ ਤੋਂ ਸ਼ੁਰੂ ਹੋ ਜਾਣਗੀਆਂ। ਉੱਥੇ ਹੀ, 8 ਜਨਵਰੀ ਤੋਂ ਬ੍ਰਿਟੇਨ ਤੋਂ ਭਾਰਤ ਲਈ ਉਡਾਣਾਂ ਬਹਾਲ ਹੋ ਜਾਣਗੀਆਂ। ਪਿਛਲੇ ਹਫ਼ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਦਿੱਤੀ ਸੀ। ਆਓ ਜਾਣਦੇ ਹਾਂ ਕੁਝ ਅਹਿਮ ਗੱਲਾਂ-

1- ਭਾਰਤ ਅਤੇ ਯੂ. ਕੇ. ਵਿਚਕਾਰ ਹਰ ਹਫ਼ਤੇ 30 ਉਡਾਣਾਂ ਹੋਣਗੀਆਂ। 15 ਉਡਾਣਾਂ ਭਾਰਤੀ ਏਅਰਲਾਈਨਾਂ ਚਲਾਉਣਗੀਆਂ ਅਤੇ ਇੰਨੀਆਂ ਹੀ ਦਾ ਯੂ. ਕੇ. ਦੀਆਂ ਏਅਰਲਾਈਨਾਂ ਵੱਲੋਂ ਸੰਚਾਲਨ ਕੀਤਾ ਜਾਵੇਗਾ। ਇਹ ਵਿਵਸਥਾ 23 ਜਨਵਰੀ 2021 ਤੱਕ ਰਹੇਗੀ। 8 ਜਨਵਰੀ ਤੋਂ ਯੂ. ਕੇ. ਤੋਂ ਆਉਣ ਵਾਲੇ ਹਰੇਕ ਯਾਤਰੀ ਨੂੰ ਆਪਣੀ ਕੋਵਿਡ-19 ਨੈਗੇਟਿਵ ਰਿਪੋਰਟ ਯਾਤਰਾ ਤੋਂ 72 ਘੰਟੇ ਪਹਿਲਾਂ ਕੀਤੇ ਟੈਸਟ ਦੀ ਲਿਆਉਣੀ ਹੋਵੇਗੀ।

2- ਯੂ. ਕੇ. ਤੋਂ ਭਾਰਤ ਲਈ ਰਵਾਨਾ ਹੋਣ ਵਾਲੇ ਯਾਤਰੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਹੈ, ਇਹ ਯਕੀਨੀ ਕਰਨ ਦੀ ਜਿੰਮੇਵਾਰੀ ਏਅਰਲਾਈਨਾਂ ਦੀ ਹੋਵੇਗੀ। 30 ਜਨਵਰੀ ਤੱਕ ਯੂ. ਕੇ. ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦਾ ਕੋਵਿਡ-19 ਟੈਸਟ ਇੱਥੇ ਪਹੁੰਚਣ 'ਤੇ ਵੀ ਕੀਤਾ ਜਾਵੇਗਾ। ਟੈਸਟ ਦਾ ਖ਼ਰਚ ਵੀ ਯਾਤਰੀ ਖ਼ੁਦ ਕਰਨਗੇ।

PunjabKesari

3- ਜਿਨ੍ਹਾਂ ਦਾ ਟੈਸਟ ਪਾਜ਼ੀਟਿਵ ਹੋਵੇਗਾ ਉਨ੍ਹਾਂ ਨੂੰ ਸਬੰਧਤ ਸੂਬਾ ਸਿਹਤ ਵਿਭਾਗ ਦੀ ਮਦਦ ਨਾਲ ਵੱਖਰੇ ਇਕਾਂਤਵਾਸ ਕੀਤਾ ਜਾਵੇਗਾ। ਪਾਜ਼ੀਟਿਵ ਪਾਏ ਗਏ ਮਰੀਜ਼ ਦੀ 14ਵੇਂ ਦਿਨ ਜਾਂਚ ਕੀਤੀ ਜਾਵੇਗੀ ਅਤੇ ਉਸ ਨੂੰ ਨੈਗੇਟਿਵ ਟੈਸਟ ਰਿਪੋਰਟ ਨਾ ਆਉਣ ਤੱਕ ਇਕਾਂਤਵਾਸ ਵਿਚ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ- 15 ਫਰਵਰੀ ਤੋਂ ਨਕਦ ਲੈਣ-ਦੇਣ ਬੰਦ ਹੋਣ ਤੋਂ ਪਹਿਲਾਂ FASTag ਦਾ ਰਿਕਾਰਡ!

4- ਉੱਥੇ ਹੀ, ਹਵਾਈ ਅੱਡੇ 'ਤੇ ਕੀਤੇ ਗਏ ਟੈਸਟਾਂ ਤੋਂ ਬਾਅਦ ਜਿਹੜੇ ਯਾਤਰੀਆਂ ਨੂੰ ਕੋਵਿਡ ਨੈਗੇਟਿਵ ਪਾਇਆ ਜਾਵੇਗਾ ਉਨ੍ਹਾਂ ਨੂੰ 14 ਦਿਨਾਂ ਲਈ ਘਰ ਵਿਚ ਇਕਾਂਤਵਾਸ ਹੋਣ ਦੀ ਸਲਾਹ ਦਿੱਤੀ ਜਾਵੇਗੀ। ਸਿਹਤ ਮੰਤਰਾਲਾ ਨੇ ਹਵਾਈ ਅੱਡੇ 'ਤੇ RTPCR ਟੈਸਟ ਜਾਂ ਰਿਪੋਰਟ ਦਾ ਇੰਤਜ਼ਾਰ ਕਰਨ ਵਾਲੇ ਲੋਕਾਂ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਹੈ।

5- ਭਾਰਤ ਵਿਚ ਹੁਣ ਤੱਕ ਯੂ. ਕੇ. ਤੋਂ ਪਰਤੇ 58 ਲੋਕਾਂ ਵਿਚ ਨਵੇਂ ਕੋਰੋਨਾ ਸਟ੍ਰੇਨ SARS-CoV-2 ਦੀ ਪੁਸ਼ਟੀ ਹੋ ਚੁੱਕੀ ਹੈ। ਯੂ. ਕੇ. ਵਿਚ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਕਾਰਨ ਭਾਰਤ ਨੇ ਦੋਹਾਂ ਮੁਲਕਾਂ ਵਿਚ ਉਡਾਣਾਂ ਨੂੰ 23 ਦਸੰਬਰ 2020 ਤੋਂ 7 ਜਨਵਰੀ 2021 ਤੱਕ ਰੱਦ ਕਰਨ ਦਾ ਫ਼ੈਸਲਾ ਕੀਤਾ ਸੀ, ਹਾਲਾਂਕਿ ਹੁਣ ਭਾਰਤ ਤੋਂ ਇਹ ਸੀਮਤ ਗਿਣਤੀ ਵਿਚ 6 ਜਨਵਰੀ ਤੋਂ ਸ਼ੁਰੂ ਹੋ ਜਾਣਗੀਆਂ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਇਸ ਤਾਰੀਖ਼ ਤੋਂ ਭਾਰਤ 'ਚ ਸ਼ੁਰੂ ਹੋ ਸਕਦਾ ਹੈ ਕੋਵਿਡ ਟੀਕਾਕਰਨ

ਗੌਰਤਲਬ ਹੈ ਕਿ ਯੂ. ਕੇ. ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਵਧਣ ਕਾਰਨ ਤਾਲਾਬੰਦੀ ਲਾ ਦਿੱਤੀ ਗਈ ਹੈ। ਇਸ ਲਈ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਵੀ ਸਖ਼ਤ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ। ਬ੍ਰਿਟੇਨ ਸਰਕਾਰ ਮੁਤਾਬਕ, ਯੂ. ਕੇ. ਆਉਣ ਵਾਲੇ ਲੋਕਾਂ ਨੂੰ ਯਾਤਰੀ ਲੋਕੇਟਰ ਫਾਰਮ ਭਰਨ ਦੀ ਜ਼ਰੂਰਤ ਹੋਵੇਗੀ, ਜਿਸ ਲਈ ਪਾਸਪੋਰਟ ਵੇਰਵਾ, ਯਾਤਰਾ ਦੇ ਮਕਸਦ ਅਤੇ ਯੂ. ਕੇ. ਵਿਚ ਕਿੱਥੇ ਰੁਕਣਾ ਹੈ ਇਸ ਤਰ੍ਹਾਂ ਦੀ ਸਾਰੀ ਜਾਣਕਾਰੀ ਦੇਣੀ ਹੋਵੇਗੀ।


author

Sanjeev

Content Editor

Related News