HDFC ਤੇ ICICI ਬੈਂਕ ਨੇ ਬਜ਼ੁਰਗਾਂ ਨੂੰ ਦਿੱਤਾ ਸਪੈਸ਼ਲ FD ਦਾ ਤੋਹਫ਼ਾ
Monday, Jan 04, 2021 - 04:55 PM (IST)
ਨਵੀਂ ਦਿੱਲੀ- ਨਿੱਜੀ ਖੇਤਰ ਦੇ ਦਿੱਗਜ ਐੱਚ. ਡੀ. ਐੱਫ. ਸੀ. ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਸੀਨੀਅਰ ਸਿਟਜ਼ੀਨਸ ਲਈ ਜੋ ਸਪੈਸ਼ਲ ਫਿਕਸਡ ਡਿਪਾਜ਼ਟ ਸਕੀਮ ਸ਼ੁਰੂ ਕੀਤੀ ਸੀ, ਹੁਣ ਉਸ ਵਿਚ 31 ਮਾਰਚ ਤੱਕ ਨਿਵੇਸ਼ ਕੀਤਾ ਜਾ ਸਕੇਗਾ। ਪਹਿਲਾਂ ਇਨ੍ਹਾਂ ਦੋਹਾਂ ਸਕੀਮਾਂ ਵਿਚ ਨਿਵੇਸ਼ ਕਰਨ ਦੀ ਅੰਤਿਮ ਤਾਰੀਖ਼ 31 ਦਸੰਬਰ ਸੀ।
ਇਨ੍ਹਾਂ ਸਕੀਮਸ ਤਹਿਤ ਸੀਨੀਅਰ ਨਾਗਰਿਕਾਂ ਨੂੰ ਸਾਧਾਰਣ ਐੱਫ. ਡੀ. ਦੀ ਤੁਲਨਾ ਵਿਚ ਜ਼ਿਆਦਾ ਵਿਆਜ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਵੀ ਆਪਣੀ 'ਵੀ-ਕੇਅਰ' ਸਕੀਮ ਵਿਚ ਨਿਵੇਸ਼ ਕਰਨ ਦੀ ਆਖ਼ਰੀ ਤਾਰੀਖ਼ ਵਧਾ ਕੇ 31 ਮਾਰਚ ਕਰ ਚੁੱਕਾ ਹੈ।
HDFC ਬੈਂਕ ਇਸ ਵਿਸ਼ੇਸ਼ ਸਕੀਮ ਤਹਿਤ ਸੀਨੀਅਰ ਸਿਟੀਜ਼ਨਸ ਨੂੰ ਆਮ ਗਾਹਕਾਂ ਨਾਲੋਂ 0.75 ਫ਼ੀਸਦੀ ਤੱਕ ਜ਼ਿਆਦਾ ਵਿਆਜ ਦੇ ਰਿਹਾ ਹੈ। HDFC ਬੈਂਕ ਫਿਕਸਡ ਡਿਪਾਜ਼ਿਟ 'ਤੇ ਵੱਧ ਤੋਂ ਵੱਧ 5.50 ਫ਼ੀਸਦੀ ਦੇ ਰਿਹਾ ਹੈ। ਹਾਲਾਂਕਿ, ਇਸ ਸਕੀਮ ਤਹਿਤ ਨਿਵੇਸ਼ ਕਰਨ 'ਤੇ 6.25 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਿਆਜ ਦੇਵੇਗਾ। ਉੱਥੇ ਹੀ, ਆਈ. ਸੀ. ਆਈ. ਸੀ. ਆਈ. ਬੈਂਕ ਸੀਨੀਅਰ ਨਾਗਰਿਕਾਂ ਲਈ 'ਗੋਲਡਨ ਈਅਰਜ਼ ਐੱਫ. ਡੀ.' ਨਾਂ ਨਾਲ ਇਕ ਖ਼ਾਸ ਫਿਕਸਡ ਡਿਪਾਜ਼ਿਟ ਸਕੀਮ ਚਲਾ ਰਿਹਾ ਹੈ, ਜਿਸ ਤਹਿਤ 6.30 ਫ਼ੀਸਦੀ ਵਿਆਜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। 'ਗੋਲਡਨ ਈਅਰਜ਼ ਐੱਫ. ਡੀ.' 'ਤੇ ਕ੍ਰੈਡਿਟ ਕਾਰਡ ਵੀ ਲਿਆ ਜਾ ਸਕਦਾ ਹੈ।