2021-22 ’ਚ GDP ਦੇ 6.6 ਫੀਸਦੀ ’ਤੇ ਸੀਮਤ ਰਹਿ ਸਕਦਾ ਹੈ ਵਿੱਤੀ ਘਾਟਾ : ਫਿੱਚ
Monday, Nov 22, 2021 - 05:27 PM (IST)
ਨਵੀਂ ਦਿੱਲੀ (ਭਾਸ਼ਾ) – ਰੇਟਿੰਗ ਏਜੰਸੀ ਫਿਚ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ’ਚ ਨਿਵੇਸ਼ ਟੀਚੇ ਦੇ ਹਾਸਲ ਨਾ ਹੋ ਸਕਣ ਦੀ ਸਥਿਤੀ ’ਚ ਕੇਂਦਰ ਸਰਕਾਰ ਮਾਲੀਆ ਵਸੂਲੀ ਦੇ ਉਮੀਦ ਤੋਂ ਬਿਹਤਰ ਰਹਿਣ ਨਾਲ ਵਿੱਤੀ ਘਾਟੇ ਨੂੰ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 6.6 ਫੀਸਦੀ ਦੇ ਪੱਧਰ ’ਤੇ ਰੱਖ ਸਕਦੀ ਹੈ।
ਪਿਛਲੇ ਹਫਤੇ ਹੀ ਭਾਰਤ ਦੇ ਦ੍ਰਿਸ਼ ਨੂੰ ਨਕਾਰਾਤਮਕ ਦੱਸਣ ਦੇ ਨਾਲ ਉਸ ਦੀ ਰੇਟਿੰਗ ਨੂੰ ‘ਬੀ. ਬੀ. ਬੀ.-’ ਉੱਤੇ ਜਿਉਂ ਦੀ ਤਿਉਂ ਰੱਖਣ ਵਾਲੀ ਫਿੱਚ ਨੇ ਕਿਹਾ ਕਿ ਦਰਮਿਆਨੀ ਮਿਆਦ ’ਚ ਭਾਰਤ ਦੇ ਵਾਧੇ ਦੇ ਦ੍ਰਿਸ਼ ਨਾਲ ਜੁੜੇ ਜੋਖਮ ਘੱਟ ਹੋ ਰਹੇ ਹਨ। ਇਸ ’ਚ ਮਹਾਮਾਰੀ ਤੋਂ ਬਾਅਦ ਆਰਥਿਕ ਸਰਗਰਮੀਆਂ ਬਹਾਲ ਹੋਣ ਅਤੇ ਵਿੱਤੀ ਖੇਤਰ ’ਤੇ ਦਬਾਅ ਘੱਟ ਹੋਣ ਦਾ ਯੋਗਦਾਨ ਹੈ। ਫਿੱਚ ਰੇਟਿੰਗਸ ਦੇ ਡਾਇਰੈਕਟਰ (ਏਸ਼ੀਆ-ਪ੍ਰਸ਼ਾਂਤ) ਜੇਰਮੀ ਜੂਕ ਨੇ ਇਹ ਗੱਲ ਕਹੀ।
ਉਨ੍ਹਾਂ ਨੇ ਕਿਹਾ ਕਿ ਕਰਜ਼ੇ ਦਾ ਬੋਝ ਘੱਟ ਕਰਨ ਲਈ ਦਰਮਿਆਨੀ ਮਿਆਦ ’ਚ ਇਕ ਭਰੋਸੇਯੋਗ ਵਿੱਤੀ ਰਣਨੀਤੀ ਅਪਣਾਉਣਾ ਅਤੇ ਵਿਸ਼ਾਲ ਆਰਥਿਕ ਅਸੰਤੁਲਨ ਖੜ੍ਹਾ ਕੀਤੇ ਬਿਨਾਂ ਨਿਵੇਸ਼ ਅਤੇ ਵਾਧੇ ਦੀ ਤੇਜ਼ ਦਰ ਹੋਣ ’ਤੇ ਭਾਰਤ ਦੇ ਆਰਥਿਕ ਦ੍ਰਿਸ਼ ਨੂੰ ‘ਸਥਿਰ’ ਕੀਤਾ ਜਾ ਸਕਦਾ ਹੈ। ਜੂਕ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਕੇਂਦਰ ਸਰਕਾਰ ਚਾਲੂ ਵਿੱਤੀ ਸਾਲ ’ਚ ਵਿੱਤੀ ਘਾਟੇ ਨੂੰ ਜੀ. ਡੀ. ਪੀ. ਦੇ 6.6 ਫੀਸਦੀ ’ਤੇ ਲਿਆਉਣ ’ਚ ਸਫਲ ਰਹੇਗੀ। ਇਸ ਦੇ ਪਿੱਛੇ ਮਾਲੀਆ ਸੰਗ੍ਰਹਿ ਦੇ ਉਮੀਦ ਤੋਂ ਬਿਹਤਰ ਰਹਿਣ ਦਾ ਯੋਗਦਾਨ ਰਹੇਗਾ। ਹਾਲਾਂਕਿ ਸਾਡਾ ਇਹ ਵੀ ਮੰਨਣਾ ਹੈ ਕਿ ਸਰਕਾਰ ਨਿਵੇਸ਼ ਟੀਚੇ ਤੋਂ ਪਿੱਛੇ ਨਹੀਂ ਰਹੇਗੀ। ਸਾਲ 2021-22 ਦੇ ਆਮ ਬਜਟ ’ਚ ਸਰਕਾਰ ਨੇ ਵਿੱਤੀ ਘਾਟੇ ਦੇ 6.8 ਫੀਸਦੀ ’ਤੇ ਰਹਿਣ ਦਾ ਅਨੁਮਾਨ ਲਗਾਇਆ ਸੀ।