ਵਿੱਤ ਮੰਤਰਾਲੇ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਛੋਟੇ ਬੈਂਕਾਂ ਦੇ ਰਲੇਵੇਂ ਦੀਆਂ ਸੰਭਾਵਨਾਵਾਂ ਤਲਾਸ਼ਣ ਨੂੰ ਕਿਹਾ

06/19/2017 4:39:19 AM

ਨਵੀਂ ਦਿੱਲੀ — ਵਿੱਤ ਮੰਤਰਾਲੇ ਨੇ ਜਨਤਕ ਖੇਤਰ ਦੇ ਚਾਰ ਵੱਡੇ ਬੈਂਕਾਂ ਨਾਲ ਕੌਮਾਂਤਰੀ ਪੱਧਰ ਦਾ ਬੈਂਕ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਛੋਟੇ ਤੇ ਦਰਮਿਆਨੇ ਬੈਂਕਾਂ ਦਾ ਰਲੇਵਾਂ ਕਰਨ ਦੀਆਂ ਸੰਭਾਵਨਾਵਾਂ ਖੰਗਾਲਣ ਦਾ ਸੁਝਾਅ ਦਿੱਤਾ ਹੈ। 
ਸੂਤਰਾਂ ਨੇ ਦੱਸਿਆ ਕਿ ਇਕ ਸੰਭਾਵਨਾ ਇਹ ਹੈ ਕਿ ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ, ਕੇਨਰਾ ਬੈਂਕ, ਬੈਂਕ ਆਫ ਇੰਡੀਆ ਵਰਗੇ ਜਨਤਕ ਖੇਤਰ ਦੇ ਬੈਂਕ ਰਲੇਵੇਂ ਲਈ ਸੰਭਾਵਿਤ ਉਮੀਦਵਾਰ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਣ-ਉਪਚਾਰਿਕ ਰੂਪ ਨਾਲ ਵਿੱਤ ਮੰਤਰਾਲਾ ਨੇ ਉਨ੍ਹਾਂ ਨੂੰ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਰਲੇਵੇਂ ਦੀਆਂ ਸੰਭਾਵਨਾਵਾਂ ਦਾ ਸਰਵੇ ਕਰਨਾ ਚਾਹੀਦਾ ਹੈ ਤਾਂ ਕਿ ਉਹ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵਰਗੇ ਆਕਾਰ ਗ੍ਰਹਿਣ ਕਰ ਸਕਣ। ਸੂਤਰਾਂ ਨੇ ਦੱਸਿਆ ਕਿ ਖੇਤਰੀ ਅਸੰਤੁਲਨ, ਭੂਗੋਲਿਕ ਪਹੁੰਚ, ਵਿੱਤ ਬੋਝ ਅਤੇ ਚੰਗੇ ਮਾਨਵ ਸੰਸਾਧਨ ਬਦਲਾਅ ਵਰਗੇ ਕਾਰਕ ਹਨ, ਜਿਨ੍ਹਾਂ 'ਤੇ ਰਲੇਵੇਂ ਦਾ ਫੈਸਲਾ ਕਰਦੇ ਸਮੇਂ ਗੌਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਿਲਕੁਲ ਹੀ ਕਮਜ਼ੋਰ ਬੈਂਕ ਦਾ ਮਜ਼ਬੂਤ ਬੈਂਕ ਦੇ ਨਾਲ ਰਲੇਵਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਵੱਡੇ ਬੈਂਕ ਦੀ ਸਥਿਤੀ ਵਿਗੜ ਸਕਦੀ ਹੈ ਪਰ ਸਪੱਸ਼ਟ ਤਸਵੀਰ ਉਦੋਂ ਹੀ ਉਭਰ ਕੇ ਸਾਹਮਣੇ ਆਵੇਗੀ, ਜਦੋਂ ਵਿੱਤ ਕਮਿਸ਼ਨ ਦੀ ਰਿਪੋਰਟ ਬੈਂਕਿੰਗ ਖੇਤਰ 'ਚ ਰਲੇਵੇਂ ਦੇ ਦੂਸਰੇ ਦੌਰ ਦੇ ਰੋਡਮੈਪ ਦੀ ਦਿਸ਼ਾ ਅਤੇ ਦਸ਼ਾ ਤੈਅ ਕਰੇਗੀ। ਪਿਛਲੀ ਰਲੇਵਾਂ ਮੁੰਹਿਮ 'ਚ 5 ਸਹਿਯੋਗੀ ਬੈਂਕ ਅਤੇ ਭਾਰਤੀ ਮਹਿਲਾ ਬੈਂਕ (ਬੀ. ਐੱਮ. ਬੀ.) 1 ਅਪ੍ਰੈਲ 2017 ਨੂੰ ਐੱਸ. ਬੀ. ਆਈ. ਦਾ ਹਿੱਸਾ ਬਣ ਗਏ ਸਨ। ਇਸ ਤਰ੍ਹਾਂ ਦੇਸ਼ ਦਾ ਸਭ ਤੋਂ ਵੱਡਾ ਬੈਂਕ ਦੁਨੀਆ ਦੇ ਚੋਟੀ ਦੇ 50 ਬੈਂਕਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ। ਬੀ. ਐੱਮ. ਬੀ. ਤੋਂ ਇਲਾਵਾ ਸਟੇਟ ਬੈਂਕ ਆਫ ਬਿਕਾਨੇਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਮਸੂਰ, ਸਟੇਟ ਬੈਂਕ ਆਫ ਪਟਿਆਲਾ ਅਤੇ ਸਟੇਟ ਬੈਂਕ ਆਫ ਤ੍ਰਾਵਣਕੋਰ ਦਾ ਐੱਸ. ਬੀ. ਆਈ. ਨਾਲ ਰਲੇਵਾਂ ਕੀਤਾ ਗਿਆ। ਇਸ ਰਲੇਵੇਂ ਦੇ ਨਾਲ ਐੱਸ. ਬੀ. ਆਈ. ਦੇ ਗਾਹਕਾਂ ਦੀ ਗਿਣਤੀ 37 ਕਰੋੜ ਹੋ ਗਈ ਅਤੇ ਉਸ ਦੀਆਂ ਬ੍ਰਾਂਚਾਂ ਕਰੀਬ 24,000 ਅਤੇ ਏ. ਟੀ. ਐੱਮ. ਕਰੀਬ 59,000 ਹੋ ਗਏ।


Related News