ਐੱਫ.ਆਈ.ਆਈ ਦਾ ਨਿਵੇਸ਼ ਜਾਰੀ ਰਿਹਾ ਤਾਂ ਜਲਦ ਨਵੀਂ ਉੱਚਾਈ ਛੂਹੇਗਾ ਸ਼ੇਅਰ ਬਾਜ਼ਾਰ

Sunday, Sep 11, 2022 - 11:43 AM (IST)

ਐੱਫ.ਆਈ.ਆਈ ਦਾ ਨਿਵੇਸ਼ ਜਾਰੀ ਰਿਹਾ ਤਾਂ ਜਲਦ ਨਵੀਂ ਉੱਚਾਈ ਛੂਹੇਗਾ ਸ਼ੇਅਰ ਬਾਜ਼ਾਰ

ਨਵੀਂ ਦਿੱਲੀ- ਗਲੋਬਲ ਪੱਧਰ 'ਤੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ 'ਚ ਹੋ ਰਹੇ ਵਾਧੇ ਦੇ ਦਬਾਅ ਦੇ ਬਾਵਜੂਦ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ) ਦੀ ਜ਼ਬਰਦਸਤ ਲਿਵਾਲੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਦੀ ਬਦੌਲਤ ਬੀਤੇ ਹਫਤੇ 1.7 ਫੀਸਦ ਦੀ ਛਲਾਂਗ ਲਗਾ ਚੁੱਕੇ ਸ਼ੇਅਰ ਬਾਜ਼ਾਰ 'ਚ ਜੇਕਰ ਐੱਫ.ਆਈ.ਆਈ. ਦਾ ਨਿਵੇਸ਼ ਜਾਰੀ ਰਿਹਾ ਤਾਂ ਸੈਂਸੈਕਸ ਅਤੇ ਨਿਫਟੀ ਜਲਦ ਹੀ ਨਵੀਂ ਉੱਚਾਈ ਨੂੰ ਛੂਹਣਗੇ। 
ਬੀਤੇ ਹਫਤੇ ਬੀ.ਐੱਸ.ਈ. ਦਾ ਤੀਹ ਸ਼ੇਅਰਾਂ ਵਾਲਾ ਸੰਵੇਦ ਸੂਚਕਾਂਕ ਸੈਂਸੈਕਸ 989.81 ਅੰਕ ਦੀ ਛਲਾਂਗ ਲਗਾ ਕੇ ਹਫਤਾਵਾਰ 'ਤੇ  59793.14 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 293.9 ਅੰਕ ਦੀ ਤੇਜ਼ੀ ਨਾਲ 17833.35 ਅੰਕ 'ਤੇ ਰਿਹਾ। ਇਸ ਦੌਰਾਨ ਬੀ.ਐੱਸ.ਈ. ਦੀਆਂ ਦਿੱਗਜ ਕੰਪਨੀਆਂ ਦੀ ਤਰ੍ਹਾਂ ਮੱਧ ਅਤੇ ਛੋਟੀਆਂ ਕੰਪਨੀਆਂ 'ਚ ਵੀ ਲਿਵਾਲੀ ਹੋਈ। ਇਸ ਨਾਲ ਮਿਡਕੈਪ 473.31 ਮਜ਼ਬੂਤ ਹੋ ਕੇ ਹਫਤਾਵਾਰ 'ਤੇ  25937.22 ਅੰਕ ਅਤੇ ਸਮਾਲਕੈਪ 727.92 ਅੰਕ ਚੜ੍ਹ ਕੇ 29528.74 ਅੰਕ ਹੋ ਗਿਆ ਹੈ।
ਅਧਿਕਾਰਕ ਸਰੋਤਾਂ ਤੋਂ ਉਪਲੱਬਧ ਅੰਕੜਿਆਂ ਦੇ ਅਨੁਸਾਰ ਬੀਤੇ ਹਫਤੇ ਐੱਫ.ਆਈ.ਆਈ. ਨੇ ਬਾਜ਼ਾਰ 'ਚ ਕੁੱਲ 6948.41 ਕਰੋੜ ਰੁਪਏ ਦੀ ਸ਼ੁੱਧ ਲਿਵਾਲੀ ਕੀਤੀ ਪਰ ਸੋਮਵਾਰ ਨੂੰ ਉਹ 811.75 ਕਰੋੜ ਰੁਪਏ ਦੇ ਬਿਕਵਾਲ ਵੀ ਰਹੇ, ਜਿਸ ਨਾਲ ਇਨ੍ਹਾਂ ਦਾ ਸ਼ੁੱਧ ਨਿਵੇਸ਼ 6136.66 ਕਰੋੜ ਰੁਪਏ ਰਿਹਾ। ਇਸ ਤਰ੍ਹਾਂ ਸਤੰਬਰ ਮਹੀਨੇ 'ਚ ਹੁਣ ਤੱਕ ਉਹ 3837.56 ਕਰੋੜ ਰੁਪਏ ਦੀ ਸ਼ੁੱਧ ਲਿਵਾਲੀ ਕਰ ਚੁੱਕੇ ਹਨ। ਉਧਰ ਘਰੇਲੂ ਸੰਸਥਾਗਤ ਨਿਵੇਸ਼ਕ 69.71 ਕਰੋੜ ਰੁਪਏ ਦੇ ਬਿਕਵਾਲ ਰਹੇ ਹਨ। ਇਸ ਸਾਲ ਪਿਛਲੇ ਛੇ ਮਹੀਨਿਆਂ ਦੇ ਬਾਅਦ ਅਗਸਤ 'ਚ ਸ਼ੁਰੂ ਹੋਈ ਐੱਫ.ਆਈ.ਆਈ. ਦੀ ਲਿਵਾਲੀ ਲਗਾਤਾਰ ਜਾਰੀ ਹੈ। ਇਸ ਮਹੀਨੇ ਐੱਫ.ਆਈ.ਆਈ. ਨੇ ਬਾਜ਼ਾਰ 'ਚ 22025.62 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਜਦਕਿ ਘਰੇਲੂ ਨਿਵੇਸ਼ਕਾਂ ਨੇ 7068.63 ਕਰੋੜ ਰੁਪਏ ਦੀ ਬਿਕਵਾਲੀ ਕੀਤੀ ਸੀ। 
ਅਜਿਹੇ 'ਚ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਐੱਫ.ਆਈ.ਆਈ. ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਦਾ ਬਾਜ਼ਾਰ 'ਚ ਨਿਵੇਸ਼ ਲਗਾਤਾਰ ਜਾਰੀ ਰਿਹਾ ਤਾਂ ਜਲਦ ਹੀ ਸੈਂਸੈਕਸ ਅਤੇ ਨਿਫਟੀ ਨਵੀਂ ਉੱਚਾਈ ਨੂੰ ਛੂਹਣ 'ਚ ਕਾਮਯਾਬ ਹੋ ਜਾਣਗੇ। ਇਸ ਤੋਂ ਇਲਾਵਾ ਅਗਲੇ ਹਫਤੇ ਅਗਸਤ ਦੀ ਖੁਦਰਾ ਅਤੇ ਥੋਕ ਮਹਿੰਗਾਈ ਅਤੇ ਉਦਯੋਗਿਕ ਉਤਪਾਦਨ ਦੇ ਅੰਕੜੇ ਵੀ ਜਾਰੀ ਹੋਣ ਵਾਲੇ ਹਨ। ਜੁਲਾਈ 'ਚ ਖੁਦਰਾ ਮਹਿੰਗਾਈ ਘੱਟ ਕੇ 6.71 ਫੀਸਦੀ ਅਤੇ ਥੋਕ ਮਹਿੰਗਾਈ ਵੀ ਘੱਟ ਹੋ ਕੇ 13.93 ਫੀਸਦੀ ਰਹਿ ਗਈ ਸੀ। ਜੇਕਰ ਇਸ ਵਾਰ ਵੀ ਮਹਿੰਗਾਈ ਦਰ 'ਚ ਗਿਰਾਵਟ ਆਈ ਤਾਂ ਬਾਜ਼ਾਰ 'ਤੇ ਸਕਾਰਾਤਮਕ ਅਸਰ ਪਵੇਗਾ। 


author

Aarti dhillon

Content Editor

Related News