FII ਨੇ ਤੋੜਿਆ 13 ਸਾਲਾਂ ਦਾ ਰਿਕਾਰਡ, ਨਵੰਬਰ ''ਚ ਸਭ ਤੋਂ ਜ਼ਿਆਦਾ ਨਿਵੇਸ਼

Thursday, Nov 19, 2020 - 09:34 AM (IST)

FII ਨੇ ਤੋੜਿਆ 13 ਸਾਲਾਂ ਦਾ ਰਿਕਾਰਡ, ਨਵੰਬਰ ''ਚ ਸਭ ਤੋਂ ਜ਼ਿਆਦਾ ਨਿਵੇਸ਼

ਮੁੰਬਈ : ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਇਸ ਮਹੀਨੇ 'ਚ ਦੇਸ਼ ਦੇ ਸ਼ੇਅਰ ਬਾਜ਼ਾਰ 'ਚ ਪਿਛਲੇ 13 ਸਾਲਾਂ 'ਚ ਕਿਸੇ ਇਕ ਮਹੀਨੇ 'ਚ ਸਭ ਤੋਂ ਜ਼ਿਆਦਾ ਨਿਵੇਸ਼ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਮਹੀਨੇ 'ਚ ਹੁਣ ਤੱਕ ਦੇ ਕਾਰੋਬਾਰੀ ਦਿਨਾਂ 'ਚ ਐੱਫ. ਆਈ. ਆਈ. ਨੇ 38,137 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ। ਐੱਫ. ਆਈ. ਆਈ. ਨੇ ਕੁਲ 1,13,145 ਕਰੋੜ ਰੁਪਏ ਦੇ ਸ਼ੇਅਰ ਖਰੀਦ ਅਤੇ 75,007 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ। ਸ਼ੁੱਧ ਨਿਵੇਸ਼ ਉਹ ਨਿਵੇਸ਼ ਹੁੰਦਾ ਹੈ ਜੋ ਸ਼ੇਅਰ 'ਚ ਨਿਵੇਸ਼ ਕਰਨ ਅਤੇ ਫਿਰ ਸ਼ੇਅਰ ਵੇਚਣ ਤੋਂ ਬਾਅਦ ਬਣਿਆ ਰਹਿੰਦਾ ਹੈ।
ਨਵੰਬਰ 'ਚ ਹਰ ਦਿਨ ਐੱਫ. ਆਈ. ਆਈ. ਨੇ ਸ਼ੁੱਧ ਨਿਵੇਸ਼ ਕੀਤਾ ਹੈ।

ਇਸ 'ਚ ਸਭ ਤੋਂ ਜ਼ਿਆਦਾ ਨਿਵੇਸ਼ 11 ਨਵੰਬਰ ਨੂੰ ਕੀਤਾ ਗਿਆ ਹੈ ਜੋ 6,207 ਕਰੋੜ ਰੁਪਏ ਰਿਹਾ ਹੈ। 10 ਨਵੰਬਰ ਨੂੰ 5,627 ਕਰੋੜ, 9 ਨਵੰਬਰ ਨੂੰ 4,869 ਕਰੋੜ ਰੁਪਏ, 6 ਨਵੰਬਰ ਨੂੰ 4,869 ਕਰੋੜ, 5 ਨਵੰਬਰ ਨੂੰ 3,588 ਕਰੋੜ ਅਤੇ 3 ਨਵੰਬਰ ਨੂੰ 2,274 ਕਰੋੜ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ 12 ਨਵੰਬਰ ਨੂੰ 1,514 ਕਰੋੜ, 13 ਨੂੰ 1,933 ਅਤੇ 17 ਨਵੰਬਰ ਨੂੰ 4,905 ਕਰੋੜ ਦਾ ਸ਼ੁੱਧ ਨਿਵੇਸ਼ ਇਕਵਿਟੀ ਬਾਜ਼ਾਰ 'ਚ ਕੀਤਾ ਗਿਆ। ਉਂਝ 2007 ਅਪ੍ਰੈਲ ਤੋਂ ਹੁਣ ਤੱਕ ਕਿਸੇ ਇਕ ਮਹੀਨੇ 'ਚ ਸਭ ਤੋਂ ਵੱਧ ਸ਼ੁੱਧ ਨਿਵੇਸ਼ ਦਾ ਰਿਕਾਰਡ ਐੱਫ. ਆਈ. ਆਈ. ਦੇ ਨਾਂ ਮਾਰਚ 2019 'ਚ ਰਿਹਾ ਹੈ, ਜਿਸ 'ਚ 32,371 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਗਿਆ ਸੀ।

5 ਦਿਨ 'ਚ 13,300 ਕਰੋੜ ਰੁਪਏ ਦਾ ਨਿਵੇਸ਼
ਚਾਲੂ ਮਹੀਨੇ ਦੇ ਪਹਿਲੇ 5 ਦਿਨ 'ਚ ਹੀ ਨਿਵੇਸ਼ ਦਾ ਅੰਕੜਾ 13,00 ਕਰੋੜ ਰੁਪਏ ਤੋਂ ਉੱਪਰ ਪਹੁੰਚ ਗਿਆ ਸੀ। ਇਸ ਮਹੀਨੇ 'ਚ ਹਾਲੇ ਵੀ 8 ਕਾਰੋਬਾਰੀ ਦਿਨ ਬਚੇ ਹਨ। ਅਜਿਹੇ 'ਚ ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਇਹ ਨਿਵੇਸ਼ 50,000 ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ। ਨਵੰਬਰ ਮਹੀਨੇ 'ਚ ਬਾਜ਼ਾਰ 'ਚ ਜਬਰਦਸਤ ਤੇਜ਼ੀ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ ਜਿਥੇ ਪਹਿਲੀ ਵਾਰ 44,000 ਤੋਂ ਪਾਰ ਪਹੁੰਚ ਗਿਆ, ਉਥੇ ਹੀ ਲਿਸਟੇਡ ਕੰਪਨੀਆਂ ਦਾ ਮਾਰਕੀਟ ਕੈਪੀਟਲਾਈਜੇਸ਼ਨ 170 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ।


author

cherry

Content Editor

Related News