ਫਿੱਕੀ ਨੇ ਚਾਲੂ ਵਿੱਤੀ ਸਾਲ ’ਚ ਦੇਸ਼ ਦੀ ਵਿਕਾਸ ਦਰ ਘਟਾ ਕੇ ਕੀਤੀ 7 ਫੀਸਦੀ

07/21/2022 5:55:13 PM

ਨਵੀਂ ਦਿੱਲੀ  – ਭੂ-ਸਿਆਸੀ ਅਥਿਰਤਾ ਅਤੇ ਕੁੱਝ ਪ੍ਰਮੁੱਖ ਅਰਥਵਿਵਸਥਾਵਾਂ ਦਾ ਮੰਦੀ ਵੱਲ ਵਧਣ ਦੇ ਖਦਸ਼ਿਆਂ ਦਰਮਿਆਨ ਭਾਰਤੀ ਵਪਾਰ ਅਤੇ ਉਦਯੋਗ ਮਹਾਸੰਘ (ਫਿੱਕੀ) ਨੇ ਵੀਰਵਾਰ ਨੂੰ ਵਿੱਤੀ ਸਾਲ 2022-23 ਲਈ ਦੇਸ਼ ਦੀ ਆਰਥਿਕ ਵਾਧਾ ਦਰ ਘਟਾ ਕੇ 7 ਫੀਸਦੀ ਕਰ ਦਿੱਤੀ ਹੈ। ਦੇਸ਼ ਦੇ ਵਪਾਰਕ ਸੰਗਠਨਾਂ ਦੇ ਸੰਘ ਨੇ ਕਿਹਾ ਕਿ ਅਪ੍ਰੈਲ 2022 ’ਚ ਲਗਾਏ ਗਏ ਵਾਧਾ ਦਰ ਦੇ 7.4 ਫੀਸਦੀ ਦੇ ਅਨੁਮਾਨ ਨੂੰ ਭੂ-ਸਿਆਸੀ ਅਸਥਿਰਤਾ ਅਤੇ ਉਸ ਦੇ ਭਾਰਤੀ ਅਰਥਵਿਵਸਥਾ ਦੇ ਪ੍ਰਭਾਵ ਕਾਰਨ ਘਟਾਇਆ ਗਿਆ ਹੈ। ਵਾਧਾ ਦਰ ਦਾ ਚਾਲੂ ਵਿੱਤੀ ਸਾਲ ਦੀ ਪਹਿਲੀ ਅਤੇ ਦੂਜੀ ਤਿਮਾਹੀ ’ਚ ਕ੍ਰਮਵਾਰ 14 ਫੀਸਦੀ ਅਤੇ 6.2 ਫੀਸਦੀ ਰਹਿਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : 80 ਰੁਪਏ ਦਾ ਹੋਇਆ ਇਕ ਡਾਲਰ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਅਸਰ!

ਫਿੱਕੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਗਲੋਬਲ ਅਸਥਿਰਤਾ ਤੋਂ ਵੱਖ ਨਹੀਂ ਹੈ ਜੋ ਮਹਿੰਗਾਈ ਦੇ ਵਧਦੇ ਦਬਾਅ ਅਤੇ ਵਿੱਤੀ ਬਾਜ਼ਾਰਾਂ ’ਚ ਵਧਦੀ ਅਨਿਸ਼ਚਿਤਾ ਤੋਂ ਸਪੱਸ਼ਟ ਹੈ। ਫਿੱਕੀ ਦੇ ਇਕਨੌਮਿਕ ਆਊਟਲੁੱਕ ਸਰਵੇ (ਜੁਲਾਈ 2022) ਦੌਰਾਨ ਮੁਕਾਬਲੇਬਾਜ਼ਾਂ ਨੇ ਕਿਹਾ ਕਿ ਭਾਰਤੀ ਅਰਥਵਿਵਸਥਾਵਾਂ ਦੀਆਂ ਸੰਭਾਵਨਾਵਾਂ ’ਤੇ ਇਹ ਕਾਰਨ ਦਬਾਅ ਬਣਾ ਰਹੇ ਹਨ ਅਤੇ ਇਸ ਨਾਲ ਆਰਥਿਕ ਸੁਧਾਰਾਂ ’ਚ ਦੇਰੀ ਦਾ ਖਦਸ਼ਾ ਹੈ। ਸਰਵੇ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਆਰਥਿਕ ਸੁਧਾਰ ’ਚ ਮੁਸ਼ਕਲ ਦੇ ਪ੍ਰਮੁੱਖ ਕਾਰਨਾਂ ’ਚ ਜਿਣਸਾਂ ਦੀਆਂ ਵਧਦੀਆਂ ਕੀਮਤਾਂ, ਸਪਲਾਈ ਪੱਖ ’ਚ ਰੁਕਾਵਟ, ਯੂਰਪ ’ਚ ਲੰਮੇ ਸਮੇਂ ਤੱਕ ਸੰਘਰਸ਼ ਨਾਲ ਗਲੋਬਲ ਵਿਕਾਸ ਦੀਆਂ ਸੰਭਾਵਨਾਵਾਂ ਸ਼ਾਮਲ ਹਨ। ਇਸ ’ਚ ਕਿਹਾ ਗਿਆ ਕਿ ਚੀਨ ਦੀ ਅਰਥਵਿਵਸਥਾ ’ਚ ਮੰਦੀ ਦਾ ਭਾਰਤ ਦੀ ਵਾਧਾ ਦਰ ’ਤੇ ਅਸਰ ਪੈ ਸਕਦਾ ਹੈ। ਲਾਗਤ ਖਰਚੇ ’ਚ ਵਾਧਾ ਸੁਤੰਤਰ ਰੂਪ ਨਾਲ ਖਰਚਾ ਕਰਨ ਨੂੰ ਘੱਟ ਕਰ ਰਹੀ ਹੈ ਕਿਉਂਕਿ ਇਹ ਉੱਚ ਵਿਕਰੀ ਮੁੱਲ ਅੰਤਿਮ ਖਪਤਕਾਰ ਤੱਕ ਪਹੁੰਚ ਜਾਂਦੇ ਹਨ।

ਇਹ ਵੀ ਪੜ੍ਹੋ : ਬਿਲ ਗੇਟਸ ਨੂੰ ਪਛਾੜ ਕੇ ਅਡਾਨੀ ਬਣੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ, ਕਈ ਧਨਕੁਬੇਰਾਂ ਨੂੰ ਛੱਡਿਆ ਪਿੱਛੇ

ਏ. ਡੀ. ਬੀ. ਨੇ ਭਾਰਤ ਦੇ ਵਿਕਾਸ ਅਨੁਮਾਨ ’ਚ ਕੀਤੀ ਕਟੌਤੀ

ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਵੀ ਵਧਦੀ ਮਹਿੰਗਾਈ ਨਾਲ ਲੋਕਾਂ ਦੀ ਖਰੀਦ ਸ਼ਕਤੀ ਦੇ ਪ੍ਰਭਾਵਿਤ ਹੋਣ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ’ਚ ਹੋਰ ਵਾਧਾ ਕੀਤੇ ਜਾਣ ਦੀ ਉਮੀਦ ਦਰਮਿਆਨ ਅੱਜ ਚਾਲੂ ਵਿੱਤੀ ਸਾਲ ’ਚ ਭਾਰਤ ਦੇ ਵਿਕਾਸ ਅਨੁਮਾਨ ਨੂੰ ਘੱਟ ਕਰ ਕੇ 7.8 ਫੀਸਦੀ ਕਰ ਦਿੱਤਾ। ਏ. ਡੀ. ਬੀ. ਨੇ ਅੱਜ ਜਾਰੀ ਆਪਣੇ ਤਾਜ਼ਾ ਵਿਕਾਸ ਦ੍ਰਿਸ਼ ਰਿਪੋਰਟ ’ਚ ਕਿਹਾ ਕਿ ਅਪ੍ਰੈਲ ’ਚ ਜਾਰੀ ਅਨੁਮਾਨ ’ਚ ਚਾਲੂ ਵਿੱਤੀ ਸਾਲ ’ਚ ਭਾਰਤ ਦੇ ਕੁੱਲ ਘਰੇਲੂ ਉਤਪਾਦ ਵਾਧਾ ਦਰ ਦੇ 8.0 ਫੀਸਦੀ ’ਤੇ ਰਹਿਣ ਦੀ ਗੱਲ ਕਹੀ ਸੀ, ਜਿਸ ਨੂੰ ਹੁਣ ਘੱਟ ਕਰ ਕੇ 7.8 ਫੀਸਦੀ ਕਰ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਅਤੇ ਯੂਕ੍ਰੇਨ ਸੰਕਟ ਕਾਰਨ ਗਲੋਬਲ ਪੱਧਰ ’ਤੇ ਪਏ ਪ੍ਰਭਾਵਾਂ ਦਾ ਇਸਰ ਭਾਰਤ ’ਤੇ ਵੀ ਹੋ ਰਿਹਾ ਹੈ, ਜਿਸ ਨਾਲ ਮਹਿੰਗਾਈ ਵਧੀ ਹੈ। ਤੇਲ ਦੀਆਂ ਕੀਮਤਾਂ ਕਾਰਨ ਮਹਿੰਗਾਈ ’ਤੇ ਸਭ ਤੋਂ ਵੱਧ ਅਸਰ ਹੋਇਆ ਹੈ ਅਤੇ ਚਾਲੂ ਵਿੱਤੀ ਸਾਲ ’ਚ ਇਹ ਹੁਣ 5.8 ਫੀਸਦੀ ਤੱਕ ਰਹਿ ਸਕਦੀ ਹੈ ਜਦ ਕਿ ਅਪ੍ਰੈਲ ’ਚ ਇਸ ਦੇ 5.0 ਫੀਸਦੀ ਰਹਿਣ ਦੀ ਗੱਲ ਕਹੀ ਗਈ ਸੀ।

ਇਹ ਵੀ ਪੜ੍ਹੋ : AirAsia India ਦੀ ਅੰਤਰਰਾਸ਼ਟਰੀ ਉਡਾਣ ਪਰਮਿਟ ਹਾਸਲ ਕਰਨ ਦੀ ਯੋਜਨਾ ਨੂੰ ਲੱਗਾ ਝਟਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News