ਲੰਮਾ ਸਮਾਂ ਬੰਦ ਰਹਿਣ ਮਗਰੋਂ ਤਿਓਹਾਰੀ ਸੀਜ਼ਨ ਲਈ ਸ਼ਾਪਿੰਗ ਮਾਲ ਮੁੜ ਤਿਆਰ, ਦੇ ਰਹੇ ਹਨ ਸ਼ਾਨਦਾਰ ਆਫਰਸ
Sunday, Nov 08, 2020 - 09:53 AM (IST)
ਨਵੀਂ ਦਿੱਲੀ : ਕੋਰੋਨਾ ਵਾਇਰਸ ਫੈਲਣ ਦੀ ਰਫਤਾਰ 'ਤੇ ਬ੍ਰੇਕ ਲਗਾਉਣ ਲਈ ਕੀਤੀ ਗਈ ਤਾਲਾਬੰਦੀ ਕਾਰਣ ਸ਼ਾਪਿੰਗ ਮਾਲਸ 'ਤੇ ਲਗਭਗ 7 ਮਹੀਨ ਤੱਕ ਤਾਲਾ ਲੱਗਿਆ ਰਿਹਾ। ਇਸ ਲੰਮੇ ਸਮੇਂ ਦੇ ਬੰਦ ਤੋਂ ਬਾਅਦ ਮਾਲ ਮਾਲਕਾਂ ਨੇ ਤਿਓਹਾਰੀ ਸੀਜ਼ਨ 'ਚ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਖਿੱਚਣ ਲਈ ਪ੍ਰੋਡਕਟਸ 'ਤੇ ਆਕਰਸ਼ਕ ਸਕੀਮਾਂ ਲਾਂਚ ਕੀਤੀਆਂ ਹਨ। ਸਰਕਾਰ ਵੀ ਸਿਨੇਮਾਘਰਾਂ ਅਤੇ ਰੈਸਟੋਰੈਂਟ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਚੁੱਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਗਾਹਕ ਮਾਲ ਪਹੁੰਚਣਗੇ।
ਮਿਲਣਗੇ ਗਿਫਟ ਵਾਊਚਰਸ ਅਤੇ ਲੱਕੀ ਡਰਾਅ
ਤਿਓਹਾਰੀ ਸੀਜ਼ਨ 'ਚ ਦੇਸ਼ ਭਰ ਦੇ ਮਾਲ ਕੇਂਦਰ ਸਰਕਾਰ ਵਲੋਂ ਤੈਅ ਨਿਯਮਾਂ ਦੇ ਨਾਲ ਸਜਣੇ ਸ਼ੁਰੂ ਹੋ ਚੁੱਕੇ ਹਨ। ਮਾਲ 'ਚ ਖਪਤਕਾਰਾਂ ਲਈ ਤਰ੍ਹਾਂ-ਤਰ੍ਹਾਂ ਦੀਆਂ ਦਿਲ ਖਿੱਚਵੀਆਂ ਅਤੇ ਆਕਰਸ਼ਕ ਸ਼ਾਪਿੰਗ ਸਕੀਮਾਂ ਵੀ ਦਿੱਤੀਆਂ ਜਾ ਰਹੀਆਂ ਹਨ। ਮਾਲ ਮਾਲਕਾਂ ਦਾ ਕਹਿਣਾ ਹੈ ਕਿ ਅੱਜ ਗਾਹਕਾਂ ਲਈ ਪ੍ਰੋਡਕਟਸ 'ਤੇ ਸੰਤੁਸ਼ਟੀ ਜ਼ਿਆਦਾ ਮਾਇਨੇ ਰੱਖਦੀ ਹੈ। ਅਜਿਹੇ 'ਚ ਇਕ ਵਾਰ ਮੁੜ ਖਪਤਕਾਰਾਂ ਲਈ ਲੱਕੀ ਡਰਾਅ ਅਤੇ ਨਵੇਂ-ਨਵੇਂ ਗਿਫਟ ਵਾਊਚਰਸ ਤਿਆਰ ਕੀਤੇ ਗਏ ਹਨ। ਹੁਣ ਖਪਤਕਾਰਾਂ ਨੂੰ ਵੀ ਲੰਮੇ ਸਮੇਂ ਬਾਅਦ ਖੁੱਲ੍ਹ ਕੇ ਖਰੀਦਦਾਰੀ ਦਾ ਮੌਕਾ ਮਿਲ ਰਿਹਾ ਹੈ ਤਾਂ ਉਨ੍ਹਾਂ 'ਚ ਵੀ ਨਵੀਆਂ-ਨਵੀਆਂ ਸਕੀਮਾਂ ਦਾ ਫਾਇਦਾ ਉਠਾਉਣ ਦੀ ਲਾਲਸਾ ਜਾਗ ਰਹੀ ਹੈ।