ਤਿਉਹਾਰੀ ਮੰਗ ਵੀ ਉਦਯੋਗਿਕ ਵਿਕਾਸ ਨੂੰ ਵਧਾਉਣ ''ਚ ਰਹੀ ਅਸਫਲ , ਵਾਹਨਾਂ ਦੀ ਵਿਕਰੀ 19% ਘਟੀ

Saturday, Dec 11, 2021 - 01:50 PM (IST)

ਤਿਉਹਾਰੀ ਮੰਗ ਵੀ ਉਦਯੋਗਿਕ ਵਿਕਾਸ ਨੂੰ ਵਧਾਉਣ ''ਚ ਰਹੀ ਅਸਫਲ , ਵਾਹਨਾਂ ਦੀ ਵਿਕਰੀ 19% ਘਟੀ

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਆਰਥਕ ਗਤੀਵਿਧੀਆਂ ’ਚ ਜਾਰੀ ਸੁਧਾਰ ਦੇ ਦਰਮਿਆਨ ਉਦਯੋਗਕ ਉਤਪਾਦਨ ਅਕਤੂਬਰ ਮਹੀਨੇ ’ਚ 3.2 ਫ਼ੀਸਦੀ ਵਧ ਗਿਆ। ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਵੱਲੋਂ ਅੱਜ ਉਦਯੋਗਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਬਾਰੇ ਜਾਰੀ ਅੰਕੜਿਆਂ ਮੁਤਾਬਕ ਅਕਤੂਬਰ 2021 ’ਚ ਦੇਸ਼ ਦਾ ਉਦਯੋਗਕ ਉਤਪਾਦਨ 3.2 ਫ਼ੀਸਦੀ ਵਧਿਆ ਹੈ। ਇਕ ਸਾਲ ਪਹਿਲਾਂ ਅਕਤੂਬਰ 2020 ’ਚ ਇਹ ਵਾਧਾ 4.5 ਫ਼ੀਸਦੀ ਰਹੀ ਸੀ।

ਸਰਕਾਰੀ ਅੰਕੜਿਆਂ ਮੁਤਾਬਕ ਅਕਤੂਬਰ 2021 ’ਚ ਵਿਨਿਰਮਾਣ ਖੇਤਰ ਦਾ ਉਤਪਾਦਨ 2 ਫ਼ੀਸਦੀ ਵਧਿਆ। ਉੱਥੇ ਹੀ ਮਾਈਨਿੰਗ ਖੇਤਰ ਦਾ ਉਤਪਾਦਨ 11.4 ਫ਼ੀਸਦੀ ਅਤੇ ਬਿਜਲੀ ਖੇਤਰ ਦਾ ਉਤਪਾਦਨ 3.1 ਫ਼ੀਸਦੀ ਵਧਿਆ। ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ ਯਾਨੀ ਅਪ੍ਰੈਲ-ਅਕਤੂਬਰ ’ਚ ਆਈ. ਆਈ. ਪੀ. 20 ਫ਼ੀਸਦੀ ਵਧਿਆ ਹੈ, ਜਦੋਂ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 17.3 ਫ਼ੀਸਦੀ ਡਿੱਗਾ ਸੀ। ਕੋਵਿਡ-19 ਮਹਾਮਾਰੀ ਫੈਲਣ ਤੋਂ ਬਾਅਦ ਦੇਸ਼ ਦਾ ਉਦਯੋਗਕ ਉਤਪਾਦਨ ਪ੍ਰਭਾਵਿਤ ਹੋਇਆ ਹੈ। ਮਾਰਚ 2020 ’ਚ ਇਹ 18.7 ਫ਼ੀਸਦੀ ਤੱਕ ਡਿੱਗ ਗਿਆ ਸੀ। ਉੱਥੇ ਹੀ ਅਪ੍ਰੈਲ 2020 ’ਚ ਦੇਸ਼ ਭਰ ’ਚ ਸਖ਼ਤ ਲਾਕਡਾਊਨ ਹੋਣ ਨਾਲ ਉਦਯੋਗਕ ਗਤੀਵਿਧੀਆਂ ਕਾਫ਼ੀ ਹੱਦ ਤੱਕ ਠੱਪ ਹੋ ਗਈਆਂ ਸਨ ਅਤੇ ਉਦਯੋਗਿਕ ਉਤਪਾਦਨ ’ਚ 57.3 ਫ਼ੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ : Amazon ਨੂੰ ਵੱਡਾ ਝਟਕਾ, ਇਟਲੀ 'ਚ ਕੰਪਨੀ ਨੂੰ ਇਸ ਦੋਸ਼ ਕਾਰਨ ਲੱਗਾ 9.6 ਹਜ਼ਾਰ ਕਰੋੜ ਦਾ ਜੁਰਮਾਨਾ

ਸੈਮੀਕੰਡਕਟਰ ਦੀ ਕਮੀ ਬਣੀ ਰਹਿਣ ਨਾਲ ਨਵੰਬਰ ’ਚ ਯਾਤਰੀ ਵਾਹਨਾਂ ਦੀ ਵਿਕਰੀ 19 ਫ਼ੀਸਦੀ ਘਟੀ : ਸਿਆਮ

ਵਾਹਨ ਉਦਯੋਗ ਦੇ ਸੰਗਠਨ ਸਿਆਮ ਨੇ ਕਿਹਾ ਕਿ ਦੇਸ਼ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ’ਚ ਨਵੰਬਰ ’ਚ 19 ਫ਼ੀਸਦੀ ਦੀ ਗਿਰਾਵਟ ਆਈ ਹੈ ਕਿਉਂਕਿ ਸੈਮੀਕੰਡਕਟਰ ਦੀ ਕਮੀ ਨਾਲ ਵਾਹਨ ਉਤਪਾਦਨ ਅਤੇ ਡੀਲਰ ਭਾਈਵਾਲਾਂ ਨੂੰ ਵਾਹਨਾਂ ਦੀ ਸਪਲਾਈਸ ਪ੍ਰਭਾਵਿਤ ਹੋ ਰਹੀ ਹੈ। ਪਿਛਲੇ ਮਹੀਨੇ ਯਾਤਰੀ ਵਾਹਨਾਂ (ਪੀ. ਵੀ.) ਦੀ ਥੋਕ ਵਿਕਰੀ 2,15,626 ਇਕਾਈ ਸੀ, ਜੋ ਨਵੰਬਰ 2020 ਦੀ 2,64,898 ਇਕਾਈ ਤੋਂ 19 ਫ਼ੀਸਦੀ ਘੱਟ ਹੈ। ਇਸੇ ਤਰ੍ਹਾਂ ਦੋਪਹੀਆ ਵਾਹਨਾਂ ਦੀ ਕੁਲ ਥੋਕ ਵਿਕਰੀ ਪਿਛਲੇ ਮਹੀਨੇ 34 ਫ਼ੀਸਦੀ ਘਟ ਕੇ 10,50,616 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 16,00,379 ਇਕਾਈ ਸੀ। ਨਵੰਬਰ 2021 ’ਚ ਤਿਪਹੀਆ ਵਾਹਨਾਂ ਦੀ ਥੋਕ ਵਿਕਰੀ 22,471 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਇਸ ਮਹੀਨੇ ਦੀ 24,071 ਇਕਾਈ ਨਾਲੋਂ 7 ਫ਼ੀਸਦੀ ਘੱਟ ਹੈ। ਪਿਛਲੇ ਮਹੀਨੇ ਸਾਰੀਆਂ ਸ਼੍ਰੇਣੀਆਂ ’ਚ ਵਾਹਨਾਂ ਦੀ ਕੁੱਲ ਵਿਕਰੀ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ 18,89,348 ਇਕਾਈ ਤੋਂ ਘਟ ਕੇ 12,88,759 ਇਕਾਈ ਰਹਿ ਗਈ।

ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ (ਸਿਆਮ) ਦੇ ਡਾਇਰੈਕਟਰ ਜਨਰਲ ਰਾਜੇਸ਼ ਮੈਨਨ ਨੇ ਕਿਹਾ, ‘‘ਦੁਨੀਆ ਭਰ ’ਚ ਸੈਮੀਕੰਡਕਟਰ ਦੀ ਕਮੀ ਦੇ ਕਾਰਨ ਉਦਯੋਗ ਨੂੰ ਵਿਰੋਧ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਿਓਹਾਰੀ ਸੀਜ਼ਨ ’ਚ ਉਦਯੋਗ ਆਪਣੇ ਨੁਕਸਾਨ ਦੀ ਪੂਰਤੀ ਕਰਨ ਦੀ ਉਮੀਦ ਕਰ ਰਿਹਾ ਸੀ ਪਰ ਨਵੰਬਰ 2021 ਦੇ ਮਹੀਨੇ ’ਚ ਯਾਤਰੀ ਵਾਹਨਾਂ ਦੀ ਵਿਕਰੀ 7 ਸਾਲ ’ਚ ਸਭ ਤੋਂ ਘੱਟ ਸੀ, ਦੋਪਹੀਆ ਵਾਹਨਾਂ ਦੀ ਵਿਕਰੀ 11 ਸਾਲ ’ਚ ਸਭ ਤੋਂ ਘੱਟ ਅਤੇ ਤਿਪਹੀਆ ਵਾਹਨਾਂ ਦੀ ਵਿਕਰੀ 19 ਸਾਲ ’ਚ ਸਭ ਤੋਂ ਘੱਟ ਸੀ।

ਇਹ ਵੀ ਪੜ੍ਹੋ : ਬਜ਼ੁਰਗ ਯਾਤਰੀਆਂ ਨੂੰ ਭਾਰਤੀ ਰੇਲਵੇ ਦਾ ਵੱਡਾ ਝਟਕਾ, ਹੁਣ ਨਹੀਂ ਮਿਲੇਗੀ ਇਹ ਸਹੂਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News