ਪੰਜਾਬ ''ਚ ਹਾਈ ਅਲਰਟ, ਵਧਾਈ ਗਈ ਸੁਰੱਖਿਆ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ...
Tuesday, Sep 30, 2025 - 10:55 AM (IST)

ਜਲੰਧਰ (ਸੁਧੀਰ, ਧਵਨ) : ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਗੌਰਵ ਯਾਦਵ ਨੇ ਸੋਮਵਾਰ ਨੂੰ ਜਲੰਧਰ 'ਚ ਇੰਟੈਲੀਜੈਂਸ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈ. ਟੀ. ਐੱਮ. ਐੱਸ.) ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ, ਜੋ ਸ਼ਹਿਰ ਦੇ ਟ੍ਰੈਫਿਕ ਸਿਸਟਮ ਅਤੇ ਨਿਗਰਾਨੀ ਬੁਨਿਆਦੀ ਢਾਂਚੇ 'ਚ ਇਕ ਮਹੱਤਵਪੂਰਨ ਕਦਮ ਹੈ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਾਲ ਡੀ. ਜੀ. ਪੀ. ਨੇ ਕਿਹਾ ਕਿ ਐੱਸ. ਏ. ਐੱਸ. ਨਗਰ ਤੋਂ ਬਾਅਦ ਜਲੰਧਰ ਪੰਜਾਬ ਦਾ ਦੂਜਾ ਸ਼ਹਿਰ ਬਣ ਗਿਆ ਹੈ, ਜਿੱਥੇ ਇਹ ਅਤਿ-ਆਧੁਨਿਕ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। 42 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਸਿਟੀ ਸਰਵੀਲਾਂਸ ਐਂਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਪਹਿਲਾ ਪੜਾਅ ਜਲੰਧਰ ਦੀ ਪੁਲਸ ਲਾਈਨਜ਼ 'ਚ ਸਥਿਤ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ’ਤੇ ਆਧਾਰਿਤ ਹੈ, ਇਸ 'ਚ 13 ਮਹੱਤਵਪੂਰਨ ਚੌਰਾਹਿਆਂ ’ਤੇ 142 ਹਾਈ ਰੈਜ਼ੀਲਿਊਸ਼ਨ ਕੈਮਰੇ ਲਾਏ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਬਿਜਲੀ ਦੇ ਬਿੱਲ ਹੁਣ...
ਸਿਸਟਮ 'ਚ 102 ਆਟੋਮੇਟਿਡ ਨੰਬਰ ਪਲੇਟ ਰੀਕਾਗਨਿਸ਼ਨ (ਏ. ਐੱਨ. ਪੀ. ਆਰ. ਕੈਮਰੇ), 40 ਰੈੱਡ ਲਾਈਟ ਵਾਈਲੇਸ਼ਨ ਡਿਟੈਕਸ਼ਨ (ਆਰ. ਐੱਲ. ਵੀ. ਡੀ.) ਕੈਮਰੇ, 83 ਬੁਲੇਟ ਕੈਮਰੇ, 4 ਪੀ. ਟੀ. ਜ਼ੈੱਡ ਕੈਮਰੇ, 30 ਵਿਜ਼ੂਅਲ ਮੈਸੇਜ ਡਿਸਪਲੇਅ ਸਕ੍ਰੀਨ ਅਤੇ 2 ਸਪੀਡ ਉਲੰਘਣ ਡਿਟੈਕਸ਼ਨ ਸਾਈਟਸ ’ਤੇ 16 ਕੈਮਰੇ ਸ਼ਾਮਲ ਹਨ। ਸ਼ਹਿਰ ਪੱਧਰੀ ਨਿਗਰਾਨੀ ਯੋਜਨਾ 'ਚ ਕੁੱਲ 1003 ਕੈਮਰੇ, ਪਬਲਿਕ ਐਡਰੈੱਸ ਸਿਸਟਮ ਅਤੇ ਐਮਰਜੈਂਸੀ ਕਾਲ ਬਾਕਸ ਦੀ ਕਲਪਨਾ ਕੀਤੀ ਗਈ ਹੈ। ਇਕ ਮੁੱਖ ਵਿਸ਼ੇਸ਼ਤਾ ਆਟੋਮੇਟਿਡ ਈ-ਚਲਾਨ ਸਿਸਟਮ ਹੈ, ਜੋ ਕਿ ਐੱਨ. ਆਈ. ਸੀ. ਦੇ ਵਾਹਨ ਅਤੇ ਸਾਰਥੀ ਡਾਟਾਬੇਸ ਨਾਲ ਜੁੜਿਆ ਹੋਇਆ ਹੈ, ਜੋ ਰੈੱਡ ਲਾਈਟ ਦੀ ਉਲੰਘਣਾ, ਓਵਰ ਸਪੀਡ ਅਤੇ ਗਲਤ ਦਿਸ਼ਾ ਵਿਚ ਡਰਾਈਵਿੰਗ ਲਈ ਆਟੋਮੈਟਿਕ ਚਲਾਨ ਕਰਨ ਦੇ ਯੋਗ ਬਣਾਉਂਦਾ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਭਾਰੀ ਹੰਗਾਮਾ, ਹਰਪਾਲ ਚੀਮਾ ਤੇ ਬਾਜਵਾ ਵਿਚਾਲੇ ਖੜਕੀ, ਸਦਨ 10 ਮਿੰਟਾਂ ਲਈ ਮੁਲਤਵੀ
ਪੰਜਾਬ 'ਚ ਹਾਈ ਅਲਰਟ
ਡੀ. ਜੀ. ਪੀ. ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸਤੰਬਰ 2024 ਤੋਂ ਪੰਜਾਬ ਪੁਲਸ ਨੇ ਪਾਕਿ ਸਮਰਥਿਤ ਅੱਤਵਾਦੀਆਂ ਵੱਲੋਂ ਸੂਬੇ 'ਚ ਸ਼ਾਂਤੀ ਭੰਗ ਕਰਨ ਦੀਆਂ 26 ਤੋਂ ਵੱਧ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਪੰਜਾਬ 'ਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 57 ਵਾਧੂ ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਪੂਰੇ ਸੂਬੇ 'ਚ ਹਾਈ ਅਲਰਟ ਕੀਤਾ ਗਿਆ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਪਹਿਲ ਤਹਿਤ ਪ੍ਰਾਪਤੀਆਂ ’ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਖ਼ੁਲਾਸਾ ਕੀਤਾ ਕਿ ਪੰਜਾਬ ਪੁਲਸ ਨੇ ਕਰੀਬ 20,000 ਐੱਫ. ਆਈ. ਆਰ. ਦਰਜ ਕੀਤੀਆਂ ਹਨ, 31,000 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 87 ਫ਼ੀਸਦੀ ਦੀ ਰਿਕਾਰਡ ਸਜ਼ਾ ਦਰ ਪ੍ਰਾਪਤ ਕੀਤੀ ਹੈ, ਜੋ ਕਿ ਦੇਸ਼ ਵਿਚ ਸਭ ਤੋਂ ਵੱਧ ਹੈ। ਉਨ੍ਹਾਂ ਪੰਜਾਬ ਪੁਲਸ ਦੇ ਨਸ਼ਿਆਂ ਨੂੰ ਖ਼ਤਮ ਕਰਨ ਅਤੇ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਦੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8