ਤਿਉਹਾਰੀ ਸੀਜ਼ਨ ਦੇ ਚੱਲਦੇ ਅਲਰਟ ''ਤੇ ਪੁਲਸ, ਲੱਗ ਗਏ ਸਪੈਸ਼ਲ ਨਾਕੇ, ਮੁਲਾਜ਼ਮਾਂ ਨੇ ਜਾਰੀ ਹੋਏ ਹੁਕਮ
Saturday, Sep 27, 2025 - 01:58 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਤਿਉਹਾਰ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ ਡਾ. ਅਖਿਲ ਚੌਧਰੀ ਆਈ.ਪੀ.ਐੱਸ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜਿੱਥੇ ਉਨ੍ਹਾਂ ਵਲੋਂ ਖੁਦ ਰਾਤ ਸਮੇਂ ਰਾਮ ਲੀਲਾ ਗਰਾਊਂਡ ਅਤੇ ਸ਼ਹਿਰ ਦੇ ਵੱਖ-ਵੱਖ ਨਾਕਿਆਂ ਤੇ ਚੈਕਿੰਗ ਕੀਤੀ ਗਈ ਅਤੇ ਪੁਲਸ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਐੱਸ.ਐੱਸ.ਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਚ ਵਧੇਰੇ ਸੁਰੱਖਿਆ ਪ੍ਰਬੰਧਾਂ ਲਈ 500 ਤੋਂ ਵੱਧ ਪੁਲਸ ਮੁਲਾਜ਼ਮਾਂ ਨੂੰ ਸੜਕਾਂ ਅਤੇ ਭੀੜ ਵਾਲੇ ਇਲਾਕਿਆਂ ‘ਚ ਤਾਇਨਾਤ ਕੀਤਾ ਗਿਆ ਹੈ। ਸ਼ਹਿਰ ਦੇ ਮੁੱਖ ਚੌਰਾਹਿਆਂ, ਅੰਦਰੂਨੀ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਸਥਾਨਾਂ ‘ਤੇ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਚਾਰੇ ਸਬ ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿਚ ਵੱਖ-ਵੱਖ ਨਾਕੇ ਲਗਾਏ ਗਏ ਹਨ ਅਤੇ ਹਰ ਨਾਕੇ ਤੇ 24 ਘੰਟੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੀ.ਸੀ.ਆਰ ਮੋਟਰਸਾਈਕਲ ਅਤੇ ਗਸ਼ਤ ਟੀਮਾਂ ਵੀ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਵਲੋਂ ਲਗਾਤਾਰ ਸ਼ਰਾਰਤੀ ਅਨਸਰਾਂ ਤੇ ਨਿਗਹਾ ਰੱਖੀ ਜਾ ਰਹੀ ਹੈ।
ਨਾਈਟ ਡੋਮੀਨੇਸ਼ਨ ਹੋਵੇਗਾ ਹੋਰ ਮਜ਼ਬੂਤ
ਐੱਸ.ਐੱਸ.ਪੀ ਨੇ ਕਿਹਾ ਕਿ ਰਾਤ ਦੇ ਸਮੇਂ ਨਾਈਟ ਡੋਮੀਨੇਸ਼ਨ ਪੈਟਰੋਲਿੰਗ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਰਾਤ ਸਮੇਂ ਸੁਰੱਖਿਆ ਦੇ ਪੱਖੋਂ ਬੱਸ ਅੱਡੇ ਦੇ ਨਜ਼ਦੀਕ ਲੰਬੇ ਸਮੇਂ ਤੋਂ ਲਵਾਰਸ ਅਵਸਥਾ ਵਿਚ ਖੜ੍ਹੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ‘ਵਾਹਨ ਐਪ’ ਦੀ ਮਦਦ ਨਾਲ ਵਾਹਨਾਂ ਨੂੰ ਵੈਰੀਫਾਈ ਕੀਤਾ ਤੇ ਉਨ੍ਹਾਂ ਦੇ ਪੁਲਸ ਰਿਕਾਰਡ ਨੂੰ ਵੀ ਵੇਰੀਫਾਈ ਕੀਤਾ ਗਿਆ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਨ੍ਹਾਂ ਵਿਚੋਂ ਕੋਈ ਵਾਹਨ ਕਿਸੇ ਨਾਜਾਇਜ਼ ਗਤੀਵਿਧੀ ਜਾਂ ਪੈਂਡਿੰਗ ਕੇਸ ਵਿਚ ਲੋੜੀਂਦਾ ਤਾਂ ਨਹੀਂ ਹੈ। ਇਸ ਤੋਂ ਇਲਾਵਾ ਰਾਤ ਸਮੇਂ ਵੱਖ-ਵੱਖ ਪੁਲਸ ਟੀਮਾਂ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਨਾਕੇ ਲਗਾਏ ਜਾ ਰਹੇ ਹਨ। ਮੁੱਖ ਰੂਟਾਂ, ਕਾਲੋਨੀਆਂ, ਬਜ਼ਾਰਾਂ, ਜਿੱਥੇ ਆਵਾਜਾਈ ਵਧੇਰੇ ਆਉਣ-ਜਾਣ ਰਹਿੰਦੀ ਹੈ – ਉਥੇ ਨਾਕੇ ਲਗਾ ਕੇ ਹਰ ਵਾਹਨ ਅਤੇ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ।
ਕੰਟਰੋਲ ਰੂਮ ‘ਚ ਅਲਰਟ ਜਾਰੀ
ਪੁਲਸ ਕੰਟਰੋਲ ਰੂਮ ਨੂੰ ਹਮੇਸ਼ਾ ਐਕਟਿਵ ਰੱਖਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਪੀ.ਸੀ.ਆਰ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਚੌਕਸੀ ਨਾਲ ਨਿਭਾਉਣ ਅਤੇ ਵਾਇਰਲੈੱਸ ਸੈਟਾਂ ਨੂੰ ਹਮੇਸ਼ਾ ਚਾਰਜ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਘਟਨਾ ਦੀ ਸੂਚਨਾ ਮਿਲਣ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।
50 ਤੋਂ ਵੱਧ ਨਾਕੇ ਦਿਨ-ਰਾਤ ਲਗਾਏ ਜਾਣਗੇ
ਜ਼ਿਲ੍ਹੇ ਅੰਦਰ ਦੇ ਪ੍ਰਵੇਸ਼ ਬਿੰਦੂਆਂ, ਬਾਹਰੀ ਰਿੰਗ ਰੋਡ ਅਤੇ ਮੁੱਖ ਮਾਰਗਾਂ ਅਤੇ ਅੰਦਰੂਨੀ ਥਾਵਾਂ ‘ਤੇ ਲਗਭਗ 50 ਤੋਂ ਵੱਧ ਨਾਕੇ ਦਿਨ-ਰਾਤ ਲਗਾਏ ਜਾਣਗੇ। ਦੂਜੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ।