ਖਾਦ ਫਰਮਾਂ ਵੱਲੋਂ ਹਸਪਤਾਲਾਂ ਨੂੰ ਰੋਜ਼ਾਨਾ ਸਪਲਾਈ ਹੋਵੇਗੀ 50 ਟਨ ਆਕਸੀਜਨ
Wednesday, Apr 28, 2021 - 02:53 PM (IST)
ਨਵੀਂ ਦਿੱਲੀ- ਇਫਕੋ ਵਰਗੀਆਂ ਖਾਦ ਕੰਪਨੀਆਂ ਵੱਲੋਂ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਰੋਜ਼ਾਨਾ 50 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਹਸਪਤਾਲਾਂ ਨੂੰ ਸਪਲਾਈ ਕਰਨ ਦੀ ਉਮੀਦ ਹੈ। ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਖਾਦ ਤੇ ਰਸਾਇਣ ਰਾਜ ਮੰਤਰੀ ਮਨਸੁਖ ਮੰਡਵੀਆ ਨੇ ਸਰਕਾਰੀ ਤੇ ਨਿੱਜੀ ਖਾਦ ਕੰਪਨੀਆਂ ਨਾਲ ਆਕਸੀਜਨ ਦੇ ਉਤਪਾਦਨ ਬਾਰੇ ਚਰਚਾ ਕੀਤੀ ਹੈ।
ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਇਫਕੋ, ਗੁਜਰਾਤ ਰਾਜ ਖਾਦ ਅਤੇ ਰਸਾਇਣ (ਜੀ. ਐੱਸ. ਐੱਫ. ਸੀ.), ਗੁਜਰਾਤ ਨਰਮਦਾ ਵੈਲੀ ਫਰਟੀਲਾਈਜ਼ਰ ਐਂਡ ਕੈਮੀਕਲਜ਼ (ਜੀ. ਐੱਨ. ਐੱਫ. ਸੀ.) ਅਤੇ ਹੋਰ ਖਾਦ ਕੰਪਨੀਆਂ ਆਕਸੀਜਨ ਦੀ ਸਪਲਾਈ ਵਧਾਉਣ ਵਿਚ ਲੱਗੀ ਹੋਈਆਂ ਹਨ। ਹਾਲਾਂਕਿ, ਸਰਕਾਰ ਨੇ ਇਸ ਬਾਰੇ ਕੋਈ ਸਮਾਂ-ਰੇਖਾ ਨਹੀਂ ਦਿੱਤੀ ਕਿ ਇਨ੍ਹਾਂ ਖਾਦ ਪਲਾਂਟਾਂ ਵੱਲੋਂ ਆਕਸੀਜਨ ਦੀ ਸਪਲਾਈ ਕਦੋਂ ਕੀਤੀ ਜਾਏਗੀ।
ਖਾਦ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, “ਕੁੱਲ ਮਿਲਾ ਕੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕੋਵਿਡ-19 ਦੇ ਮਰੀਜ਼ਾਂ ਨੂੰ ਖਾਦ ਪਲਾਂਟਾਂ ਰਾਹੀਂ ਹਰ ਰੋਜ਼ ਤਕਰੀਬਨ 50 ਟਨ ਮੈਡੀਕਲ ਆਕਸੀਜਨ ਦਿੱਤੀ ਜਾ ਸਕਦੀ ਹੈ।” ਇਹ ਕਦਮ ਆਉਣ ਵਾਲੇ ਦਿਨਾਂ ਵਿਚ ਦੇਸ਼ ਦੇ ਹਸਪਤਾਲਾਂ ਵਿਚ ਮੈਡੀਕਲ ਗ੍ਰੇਡ ਆਕਸੀਜਨ ਦੀ ਸਪਲਾਈ ਵਧਾਏਗਾ। ਮੰਤਰਾਲਾ ਅਨੁਸਾਰ, ਸਹਿਕਾਰੀ ਖਾਦ ਕੰਪਨੀ ਇਫਕੋ ਗੁਜਰਾਤ ਵਿਚ ਆਪਣੇ ਕਲੋਲ ਪਲਾਂਟ ਵਿਚ 200 ਘਣ ਮੀਟਰ ਪ੍ਰਤੀ ਘੰਟੇ ਦੀ ਸਮਰੱਥਾ ਵਾਲਾ ਆਕਸੀਜਨ ਪਲਾਂਟ ਸਥਾਪਤ ਕਰ ਰਹੀ ਹੈ ਅਤੇ ਕੁੱਲ ਸਮਰੱਥਾ ਪ੍ਰਤੀ ਦਿਨ 33,000 ਘਣ ਮੀਟਰ ਹੋਵੇਗੀ। ਮੰਤਰੀ ਨੇ ਖਾਦ ਕੰਪਨੀਆਂ ਆਕਸੀਜਨ ਉਤਪਾਦਨ ਵਧਾਉਣ ਤੇ ਹਸਪਤਾਲਾਂ ਨੂੰ ਸਪਲਾਈ ਕਰਨ ਲਈ ਕਿਹਾ ਹੈ।