ਸਾਲ 2020 ਦੌਰਾਨ ਭਾਰਤ 'ਚ FDI 13 ਫ਼ੀਸਦੀ ਵਧਿਆ : ਸੰਯੁਕਤ ਰਾਸ਼ਟਰ
Monday, Jan 25, 2021 - 04:07 PM (IST)
ਨਿਊਯਾਰਕ- ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਡਿਜੀਟਲ ਖੇਤਰ ਵਿਚ ਦਿਲਚਸਪੀ ਦੇ ਮੱਦੇਨਜ਼ਰ ਭਾਰਤ ਵਿਚ 2020 ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) 13 ਫ਼ੀਸਦੀ ਵਧਿਆ। ਉੱਥੇ ਹੀ, ਇਸ ਦੌਰਾਨ ਬ੍ਰਿਟੇਨ, ਅਮਰੀਕਾ ਅਤੇ ਰੂਸ ਵਰਗੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿਚ ਪੂੰਜੀ ਦਾ ਵਹਾਅ ਬਹੁਤ ਤੇਜ਼ੀ ਨਾਲ ਘਟਿਆ।
ਸੰਯੁਕਤ ਰਾਸ਼ਟਰ (ਯੂ. ਐੱਨ.) ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਵਿਚਕਾਰ ਭਾਰਤ ਅਤੇ ਚੀਨ ਨੇ ਵਿਦੇਸ਼ੀ ਪੂੰਜੀ ਨੂੰ ਆਕਰਸ਼ਤ ਕੀਤਾ ਹੈ।
ਵਪਾਰ ਅਤੇ ਵਿਕਾਸ 'ਤੇ ਸੰਯੁਕਤ ਰਾਸ਼ਟਰ ਸੰਮੇਲਨ (UNCTAD) ਵੱਲੋਂ ਐਤਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ, 2020 ਵਿਚ ਗਲੋਬਲ ਵਿਦੇਸ਼ੀ ਪ੍ਰਤੱਖ ਨਿਵੇਸ਼ (ਐੱਫ. ਡੀ. ਆਈ.) 42 ਫ਼ੀਸਦੀ ਘੱਟ ਕੇ 859 ਅਰਬ ਅਮਰੀਕੀ ਡਾਲਰ ਰਹਿ ਜਾਣ ਦਾ ਅਨੁਮਾਨ ਹੈ, ਜੋ 2019 ਵਿਚ 1500 ਅਰਬ ਡਾਲਰ ਸੀ। ਪਿਛਲੀ ਵਾਰ ਇੰਨਾ ਹੇਠਲਾ ਪੱਧਰ 1990 ਦੇ ਦਹਾਕੇ ਵਿਚ ਦੇਖਿਆ ਗਿਆ ਸੀ ਅਤੇ ਇਹ ਗਿਰਾਵਟ 2008-2009 ਦੇ ਗਲੋਬਲ ਆਰਥਿਕ ਸੰਕਟ ਦੇ ਮੁਕਾਬਲੇ 30 ਫ਼ੀਸਦੀ ਜ਼ਿਆਦਾ ਹੈ।
UNCTAD ਨੇ ਕਿਹਾ ਕਿ ਐੱਫ. ਡੀ. ਆਈ. ਵਿਚ ਗਿਰਾਵਟ ਖ਼ਾਸ ਤੌਰ 'ਤੇ ਵਿਕਸਤ ਦੇਸ਼ਾ ਵਿਚ ਦੇਖਣ ਨੂੰ ਮਿਲੀ, ਜਿੱਥੇ ਇਕ ਅਨੁਮਾਨ ਮੁਤਾਬਕ, ਪੂੰਜੀ ਨਿਵੇਸ਼ 69 ਫ਼ੀਸਦੀ ਘੱਟ ਕੇ 229 ਅਰਬ ਡਾਲਰ ਰਹਿ ਗਿਆ। ਹਾਲਾਂਕਿ, ਦੂਜੇ ਪੂਸੇ ਡਿਜੀਟਲ ਖੇਤਰ ਵਿਚ ਨਿਵੇਸ਼ ਵਿਚ ਭਾਰਤ ਵਿਚ ਐੱਫ. ਡੀ. ਆਈ. 13 ਫ਼ੀਸਦੀ ਵਧਿਆ ਹੈ। ਰਿਪੋਰਟ ਮੁਤਾਬਕ, ਦੁਨੀਆ ਵਿਚ ਸਭ ਤੋਂ ਐੱਫ. ਡੀ. ਆਈ. ਚੀਨ ਵਿਚ ਆਇਆ, ਜਿੱਥੇ ਪੂੰਜੀ ਨਿਵੇਸ਼ ਵੱਧ ਕੇ 163 ਅਰਬ ਡਾਲਰ ਹੋ ਗਿਆ।