15 ਤੋਂ 29 ਫਰਵਰੀ ਤੱਕ ਫ੍ਰੀ ਮਿਲੇਗਾ ਫਾਸਟੈਗ
Wednesday, Feb 12, 2020 - 11:47 PM (IST)

ਨਵੀਂ ਦਿੱਲੀ (ਯੂ. ਐੱਨ. ਆਈ.)-ਰਾਸ਼ਟਰੀ ਰਾਜਮਾਰਗ ਅਥਾਰਟੀ-ਐੱਨ. ਐੱਚ. ਏ. ਆਈ. ਨੇ ਟੋਲ ਪਲਾਜ਼ਿਆਂ ’ਤੇ ਡਿਜੀਟਲ ਤਕਨੀਕ ਨਾਲ ਟੈਕਸ ਭੁਗਤਾਨ ਲਈ ਫਾਸਟੈਗ ਦੀ ਵੰਡ 15 ਦਿਨ ਲਈ ਫਿਰ ਫ੍ਰੀ ਕਰ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਵਾਹਨ ਮਾਲਕਾਂ ਨੂੰ ਆਪਣੇ ਵਾਹਨ ’ਤੇ ਫਾਸਟੈਗ ਲਾਉਣ ਲਈ 100 ਰੁਪਏ ਦੀ ਰਾਸ਼ੀ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਇਸ ਮਿਆਦ ’ਚ ਵਾਹਨਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ਨਾਲ ਕਿਸੇ ਵੀ ਵਿਕਰੀ ਕੇਂਦਰ ਤੋਂ ਫਾਸਟੈਗ ਫ੍ਰੀ ਪ੍ਰਾਪਤ ਕੀਤਾ ਜਾ ਸਕਦਾ ਹੈ। ਫਾਸਟੈਗ ਲਈ ਨਿਰਧਾਰਤ ਸੁਰੱਖਿਆ ਜਮ੍ਹਾ ਰਾਸ਼ੀ ਅਤੇ ਵਾਲੇਟ ’ਚ ਘੱਟੋ-ਘਟ ਬਕਾਇਆ ਰਾਸ਼ੀ ਜਿਉਂ ਦੀ ਤਿਉਂ ਬਣੀ ਰਹੇਗੀ। ਇਸ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਐੱਨ. ਐੱਚ. ਏ. ਆਈ. ਦੇ ਫਾਸਟੈਗ ਵਿਕਰੀ ਕੇਂਦਰ ਦੀ ਜਾਣਕਾਰੀ ਹਾਸਲ ਕਰਨ ਲਈ ਮਾਈਫਾਸਟੈਗ ਐਪ, ਡਬਲਯੂ ਡਬਲਯੂ ਡਬਲਯੂ ਡਾਟ ਆਈ ਐੱਚ ਐੱਮ ਸੀ ਐੱਲ ਡਾਟ ਕਾਮ ’ਤੇ ਜਾਂ ਹੈਲਪਲਾਈਨ ਨੰਬਰ 1033 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਐੱਨ. ਐੱਚ. ਏ. ਆਈ. ਦੂਜੀ ਵਾਰ ਫਾਸਟੈਗ ਫ੍ਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ 22 ਨਵੰਬਰ ਤੋਂ 15 ਦਸੰਬਰ ਤੱਕ ਫਾਸਟੈਗ ਫ੍ਰੀ ਦੇਣ ਦਾ ਐਲਾਨ ਕੀਤਾ ਸੀ। ਐੱਨ. ਐੱਚ. ਏ. ਆਈ. ਦੇ ਸਾਰੇ ਪਲਾਜ਼ਿਆਂ ਤੋਂ ਇਲਾਵਾ ਆਰ. ਟੀ. ਓ., ਆਮ ਸਹੂਲਤ ਕੇਂਦਰਾਂ, ਟਰਾਂਸਪੋਰਟ ਕੇਂਦਰਾਂ ਅਤੇ ਪੈਟਰੋਲ ਪੰਪਾਂ ਤੋਂ ਵੀ ਫਾਸਟੈਗ ਨੂੰ ਖਰੀਦਿਆ ਜਾ ਸਕਦਾ ਹੈ।