ਕਿਸਾਨਾਂ ਨੂੰ DAP ਖਾਦ ਦੀ ਬੋਰੀ ਮਿਲੇਗੀ 700 ਰੁਪਏ ਸਸਤੀ, ਸਰਕਾਰ ਨੇ 140 ਫ਼ੀਸਦੀ ਵਧਾਈ ਸਬਸਿਡੀ

Thursday, May 20, 2021 - 01:07 PM (IST)

ਨਵੀਂ ਦਿੱਲੀ (ਏ. ਐੱਨ. ਆਈ.) - ਡੀ. ਏ. ਪੀ. ਖਾਦ ਲਈ ਸਬਸਿਡੀ 500 ਰੁਪਏ ਪ੍ਰਤੀ ਬੋਰੀ ਤੋਂ 140 ਫ਼ੀਸਦੀ ਵਧਾ ਕੇ 1200 ਰੁਪਏ ਪ੍ਰਤੀ ਬੋਰੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤਰ੍ਹਾਂ ਡੀ. ਏ. ਪੀ. ਦੀਆਂ ਅੰਤਰਰਾਸ਼ਟਰੀ ਬਾਜ਼ਾਰ ਕੀਮਤਾਂ ’ਚ ਵਾਧੇ ਦੇ ਬਾਵਜੂਦ ਇਹ 1200 ਰੁਪਏ ਦੇ ਪੁਰਾਣੇ ਮੁੱਲ ’ਤੇ ਹੀ ਵੇਚੀ ਜਾਵੇਗੀ। ਮੁੱਲ ਵਾਧੇ ਦਾ ਸਾਰਾ ਵਾਧੂ ਭਾਰ ਕੇਂਦਰ ਸਰਕਾਰ ਨੇ ਚੁੱਕਣ ਦਾ ਫੈਸਲਾ ਕੀਤਾ ਹੈ। ਪ੍ਰਤੀ ਬੋਰੀ ਸਬਸਿਡੀ ਦੀ ਰਾਸ਼ੀ ਕਦੇ ਵੀ ਇਕ ਵਾਰ ’ਚ ਇੰਨੀ ਨਹੀਂ ਵਧਾਈ ਗਈ।

ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਉੱਚ ਪੱਧਰੀ ਬੈਠਕ ’ਚ ਲਿਆ ਗਿਆ। ਮੀਟਿੰਗ ’ਚ ਇਸ ਗੱਲ ’ਤੇ ਚਰਚਾ ਹੋਈ ਕਿ ਅੰਤਰਰਾਸ਼ਟਰੀ ਪੱਧਰ ’ਤੇ ਫਾਸਫੋਰਿਕ ਐਸਿਡ, ਅਮੋਨੀਆ ਆਦਿ ਦੀਆਂ ਵਧਦੀਆਂ ਕੀਮਤਾਂ ਕਾਰਨ ਖਾਦ ਦੇ ਮੁੱਲ ’ਚ ਵਾਧਾ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਕੀਮਤਾਂ ’ਚ ਵਾਧੇ ਦੇ ਬਾਵਜੂਦ ਕਿਸਾਨਾਂ ਨੂੰ ਪੁਰਾਣੀਆਂ ਦਰਾਂ ’ਤੇ ਹੀ ਖਾਦ ਮਿਲਣੀ ਚਾਹੀਦੀ ਹੈ।

ਪਿਛਲੇ ਸਾਲ ਡੀ. ਏ. ਪੀ. ਦੀ ਅਸਲੀ ਕੀਮਤ 1700 ਰੁਪਏ ਪ੍ਰਤੀ ਬੋਰੀ ਸੀ, ਜਿਸ ’ਚ ਕੇਂਦਰ ਸਰਕਾਰ 500 ਰੁਪਏ ਪ੍ਰਤੀ ਬੋਰੀ ਦੀ ਸਬਸਿਡੀ ਦੇ ਰਹੀ ਸੀ, ਇਸ ਲਈ ਕੰਪਨੀਆਂ ਕਿਸਾਨਾਂ ਨੂੰ 1200 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਖਾਦ ਵੇਚ ਰਹੀਆਂ ਸਨ। ਹਾਲ ਹੀ ’ਚ ਡੀ. ਏ. ਪੀ. ’ਚ ਇਸਤੇਮਾਲ ਹੋਣ ਵਾਲੇ ਫਾਸਫੋਰਿਕ ਐਸਿਡ, ਅਮੋਨੀਆ ਆਦਿ ਦੀਆਂ ਅੰਤਰਰਾਸ਼ਟਰੀ ਕੀਮਤਾਂ 60 ਤੋਂ 70 ਫ਼ੀਸਦੀ ਤੱਕ ਵਧ ਗਈਆਂ ਹਨ। ਇਸ ਕਾਰਨ ਡੀ. ਏ. ਪੀ. ਦੇ ਇਕ ਬੈਗ ਦੀ ਅਸਲ ਕੀਮਤ ਹੁਣ 2400 ਰੁਪਏ ਹੈ, ਜਿਸ ਨੂੰ ਖਾਦ ਕੰਪਨੀਆਂ ਵੱਲੋਂ 500 ਰੁਪਏ ਦੀ ਸਬਸਿਡੀ ਘਟਾ ਕੇ 1900 ਰੁਪਏ ’ਚ ਵੇਚਿਆ ਜਾਂਦਾ ਹੈ। ਅੱਜ ਦੇ ਫੈਸਲੇ ਨਾਲ ਕਿਸਾਨਾਂ ਨੂੰ ਡੀ. ਏ. ਪੀ. ਦਾ ਬੈਗ 1200 ਰੁਪਏ ’ਚ ਹੀ ਮਿਲਦਾ ਰਹੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਕਲਿਆਣ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਕਰੇਗੀ ਕਿ ਕਿਸਾਨਾਂ ਨੂੰ ਮੁੱਲ ਵਾਧੇ ਦਾ ਬੋਝ ਨਾ ਚੁੱਕਣਾ ਪਏ। ਕੇਂਦਰ ਸਰਕਾਰ ਹਰ ਸਾਲ ਰਸਾਇਣਿਕ ਖਾਦਾਂ ਦੀ ਸਬਸਿਡੀ ’ਤੇ ਲੱਗਭਗ 80,000 ਕਰੋਡ਼ ਰੁਪਏ ਖਰਚ ਕਰਦੀ ਹੈ।

ਡੀ. ਏ. ਪੀ. ’ਚ ਸਬਸਿਡੀ ਵਧਾਉਣ ਨਾਲ ਹੀ ਸਾਉਣੀ ਸੀਜਨ ’ਚ ਭਾਰਤ ਸਰਕਾਰ 14,775 ਕਰੋਡ਼ ਰੁਪਏ ਵਾਧੂ ਖਰਚਾ ਕਰੇਗੀ। ਅਕਸ਼ੇ ਤ੍ਰਿਤੀਆ ਵਾਲੇ ਦਿਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ’ਚ 20,667 ਕਰੋਡ਼ ਰੁਪਏ ਦੀ ਰਾਸ਼ੀ ਸਿੱਧੇ ਟਰਾਂਸਫਰ ਕਰਨ ਤੋਂ ਬਾਅਦ ਕਿਸਾਨਾਂ ਦੇ ਹਿੱਤ ’ਚ ਇਹ ਦੂਜਾ ਵੱਡਾ ਫੈਸਲਾ ਹੈ।


Harinder Kaur

Content Editor

Related News