'ਇਸ ਵਾਰ ਬਾਸਮਤੀ ਨਹੀਂ ਪਰਮਲ ਝੋਨੇ ਦੀ ਬਿਜਾਈ ਵੱਧ ਕਰਨ ਕਿਸਾਨ'

04/22/2020 5:09:50 PM

ਜਲਾਲਾਬਾਦ (ਸੇਤੀਆ,ਟੀਨੂੰ,ਸੁਮਿਤ) - ਕੋਰੋਨਾ ਵਾਇਰਸ ਕਾਰਨ ਲਗਾਤਾਰ ਵਿਗੜ ਰਹੇ ਹਾਲਤਾਂ ਵਿਚਕਾਰ ਇਸ ਵਾਰ ਕਣਕ ਦੀ ਵਾਢੀ ਅਤੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਅਲੱਗ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਪਰ ਉਥੇ ਹੀ ਸਾਉਣੀ ਦੀ ਫਸਲ ਦੀ ਬਿਜਾਈ ਨੂੰ ਲੈ ਕੇ ਕਿਸਾਨਾਂ ਨੇ ਹੁਣੇ ਤੋਂ ਹੀ ਮਨ ਬਨਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਸਾਉਣੀ ਦੀ ਪ੍ਰਮੁੱਖ ਫਸਲ ਦੀ ਗੱਲ ਕੀਤੀ ਜਾਵੇ ਤਾਂ ਇਥੇ ਝੋਨੇ ਦਾ ਰਕਬਾ ਬਿਜਾਈ ਅਧੀਨ ਲਿਆਂਦਾ ਜਾਂਦਾ ਹੈ ਅਤੇ ਹੁਣ ਜਦਕਿ ਕੁੱਝ ਦਿਨਾਂ 'ਚ ਕਣਕ ਦੀ ਵਾਢੀ ਅਤੇ ਖਰੀਦ ਪ੍ਰਬੰਧਾਂ ਦਾ ਕੰਮ ਮੁਕੰਮਲ ਹੋ ਜਾਵੇਗਾ ਤਾਂ ਇਸ ਤੋਂ ਬਾਅਦ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਕੀਤੀ ਜਾਣੀ ਹੈ। ਜਿਸ ਲਈ ਕਿਸਾਨਾਂ ਨੇ ਕੋਰੋਨਾ ਵਾਇਰਸ ਦੀ ਸਥਿੱਤੀ ਨੂੰ ਦੇਖਦੇ ਹੋਏ ਭਵਿੱਖ 'ਚ ਬਾਸਮਤੀ ਦੀ ਥਾਂ ਪਰਮਲ ਝੋਨੇ ਨੂੰ ਤਰਜੀਹ ਦੇਣ ਦਾ ਮਨ ਬਣਾ ਲਿਆ ਹੈ ਅਤੇ ਨਾਲ ਹੀ ਰਾਈਸ ਉਦਯੋਗ ਨਾਲ ਜੁੜੇ ਲੋਕ ਵੀ ਨਿਰਯਾਤ ਦੀ ਵਿਗੜੀ ਸਥਿੱਤੀ ਨੂੰ ਦੇਖਦੇ ਹੋਏ ਪਰਮਲ ਝੋਨੇ ਦੀ ਵੱਧ ਬਿਜਾਈ ਕਰਨ ਵੱਲ ਧਿਆਨ ਦੇਣ ਦੀ ਗੱਲ ਕਹਿ ਰਹੇ ਹਨ।  ਇਸ ਸੰਬੰਧੀ ਹਲਕੇ ਦੇ ਕੁੱਝ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ। 

ਕਿਸਾਨ ਆਗੂ ਗੁਰਵਿੰਦਰ ਸਿੰਘ ਮੰਨੇਵਾਲਾ ਦਾ ਕਹਿਣਾ ਹੈ ਕਿ ਕਿਸਾਨ ਇਸ ਵਾਰ ਕਿਸੇ ਵੀ ਕਿਸਮ ਦਾ ਰਿਸਕ ਨਹੀਂ ਲੈਣਗੇ ਕਿਉਂਕਿ ਇੱਕ ਪਾਸੇ ਜਿੱਥੇ ਕਰੋਨਾ ਵਾਇਰਸ ਦੇ ਕਾਰਣ ਲਾਕ ਡਾਊਨ ਖੁੱਲਣ ਦੇ ਅਜੇ ਕੋਈ ਆਸਾਰ ਨਹੀਂ ਹਨ ਅਤੇ ਜੇਕਰ ਲੋਕ ਡਾਊਨ ਖੁੱਲ ਵੀ ਜਾਂਦਾ ਹੈ ਤਾਂ ਇਹ ਵੀ ਸਪੱਸ਼ਟ ਨਹੀਂ ਕਿ ਨਿਰਯਾਤ ਖੁੱਲੇਗਾ ਜਾਂ ਨਹੀਂ ਕਿਉਂਕਿ ਬਾਸਮਤੀ ਦੇ ਭਾਅ ਨਿਰਯਾਤ ਤੇ ਹੀ ਨਿਰਭਰ ਕਰਦੇ ਹਨ ਅਤੇ ਜਿਆਦਾਤਰ ਬਾਸਮਤੀ ਇਰਾਨ, ਇਰਾਕ, ਸਾਊਦੀ ਅਰਬ ਵਿਚ ਨਿਰਯਾਤ ਕੀਤੀ ਜਾਂਦੀ ਹੈ ਅਤੇ ਹੁਣ ਉਧਰ ਹਾਲਾਤ ਸੁਖਾਲੇ ਨਹੀਂ ਹਨ। ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨ ਇਸ ਵਾਰ ਪਰਮਲ ਝੋਨੇ ਦੀ ਬਿਜਾਈ ਨੂੰ ਤਰਜੀਹ ਦੇਣਗੇ ਤਾਂ ਜੋ ਝੋਨੇ ਦੀ ਫਸਲ ਦੀ ਵਿਕ੍ਰੀ ਨੂੰ ਲੈ ਕੇ ਉਨ੍ਹਾਂ ਨੂੰ ਭਵਿੱਖ 'ਚ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀ ਕਿਸਾਨਾਂ ਨੂੰ ਪ੍ਰਜੋਰ ਅਪੀਲ ਹੈ ਕਿ ਕਿਸਾਨ ਬਾਸਮਤੀ ਦੀ ਥਾਂ ਤੇ ਇਸ ਵਾਰ ਪਰਮਲ ਝੋਨੇ ਦੀ ਬਿਜਾਈ ਨੂੰ ਤਰਜੀਹ ਦੇਣ ਤਾਂ ਜੋ ਝੋਨੇ ਦੀ ਕਟਾਈ ਤੋਂ ਬਾਅਦ ਵਿਕਰੀ ਲਈ ਕਿਸਾਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। 

PunjabKesari
ਗੁਰਵਿੰਦਰ ਸਿੰਘ ਮੰਨੇਵਾਲਾ ਕਿਸਾਨ ਆਗੂ 

ਉਧਰ ਕਿਸਾਨ ਵੇਦ ਭਠੇਜਾ ਨੇ ਦੱਸਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਲੋਂ ਮਈ ਦੇ ਆਖਰੀ ਹਫਤੇ ਵਿਚ ਝੋਨੇ ਦੀ ਪਨੀਰੀ ਲਗਾਉਣ ਲਈ ਸਿਫਾਰਿਸ਼ ਕੀਤੀ ਗਈ ਹੈ ਅਤੇ ਪੀਆਰ- 129,128,122,121 ਅਤੇ 114, ਐਚ.ਕੇ.ਆਰ. 47,ਪੀਆਰ-127, ਪੀਆਰ-124, ਪੀਆਰ-126 ਅਜਿਹੀਆਂ ਕਿਸਮਾਂ ਹਨ ਜੋ ਪਰਮਲ ਝੋਨੇ ਲਈ ਉਪਯੁਕਤ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਨੀਰੀ 30-35 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। 

PunjabKesari

ਵੇਦ ਭਠੇਜਾ ਕਿਸਾਨ 

ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਬਾਸਮਤੀ ਨੂੰ ਤਰਜੀਹ ਦੇ ਰਹੇ ਸਨ ਪਰ ਪਿਛਲੇ ਦੋ ਸੀਜਨ ਦੌਰਾਨ ਬਾਸਮਤੀ ਦੇ ਭਾਅ ਕੋਈ ਬਹੁਤੇ ਚੰਗੇ ਨਹੀਂ ਰਹੇ ਹਨ ਅਤੇ ਪਿਛਲੇ ਸੀਜਨ ਤਾਂ ਘੱਟ ਝਾੜ ਨੇ ਕਿਸਾਨਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਅਤੇ ਇਸ ਵਾਰ ਕੋਰੋਨਾ ਵਾਇਰਸ ਕਾਰਣ ਉਨ੍ਹਾਂ ਦੀ ਸੋਚ ਹੈ ਕਿ ਉਹ ਵੱਧ ਤੋਂ ਵੱਧ ਪਰਮਲ ਝੋਨੇ ਦੀ ਬਿਜਾਈ ਕਰਨਗੇ।  PunjabKesari

ਫੋਟੋ : ਅਸ਼ਵਨੀ ਸਿਡਾਨਾ ਉਦਯੋਗਪਤੀ  

ਰਾਈਸ ਮਿੱਲਰ ਅਸ਼ਵਨੀ ਸਿਡਾਨਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੋਰੋਨਾ ਤੋਂ ਪਹਿਲਾਂ ਬਾਸਮਤੀ 1121 ਦੇ ਭਾਅ ਮੂਦੇ ਮੂੰਹ ਡਿੱਗੇ ਸੀ ਅਤੇ ਲਗਭਗ 6 ਹਜਾਰ ਰੁਪਏ ਕਵਿੰਟਲ ਮਾਰਕੀਟ ਰਹੀ ਹੈ ਪਰ ਹਾਲਾਤ ਕੋਈ ਜਿਆਦਾ ਚੰਗੇ ਨਹੀਂ ਹਨ ਕਿਉਂਕਿ ਕੋਰੋਨਾ ਵਾਇਰਸ ਦੇ ਕਾਰਣ ਇੰਟਰਨੈਸ਼ਨਲ ਮਾਰਕੀਟ ਵਿਚ ਕਾਫੀ ਉਲਟ ਫੇਰ ਹੋਇਆ ਹੈ ਅਤੇ ਕੱਚੇ ਤੇਲ ਦੇ ਭਾਅ ਵੀ ਡਿੱਗੇ ਹਨ ਅਤੇ ਇਸ ਕੱਚੇ ਤੇਲ ਤੇ ਹੀ ਬਾਸਮਤੀ ਦਾ ਝੋਨੇ ਦਾ ਵਜੂਦ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਜਿਆਦਾ ਪਰਮਲ ਝੋਨੇ ਦੀ ਬਿਜਾਈ ਵੱਲ ਧਿਆਨ ਦੇਣ ਤਾਂ ਜੋ ਸਰਕਾਰ ਵੀ ਉਨ੍ਹਾਂ ਦਾ ਝੋਨਾ ਸਮੇਂ ਸਿਰ ਖਰੀਦ ਸਕੇ।

PunjabKesari

ਫੋਟੋ : ਮਾ. ਬਲਵਿੰਦਰ ਸਿੰਘ ਗੁਰਾਇਆ ਕਿਸਾਨ ਤੇ ਉਦਯੋਗਪਤੀ 

ਉਧਰ ਕਿਸਾਨ ਤੇ ਉਦਯੋਗਪਤੀ ਮਾ. ਬਲਵਿੰਦਰ ਸਿੰਘ ਗੁਰਾਇਆ ਦਾ ਕਹਿਣਾ ਹੈ ਕਿ ਚਾਹੇ ਕੋਰੋਨਾ ਵਾਇਰਸ ਮਹਾਂਮਾਰੀ ਸੂਬੇ ਵਿੱਚ ਫੈਲੀ ਹੋਈ ਹੈ ਪਰ ਇਸ ਤਰ੍ਹਾਂ ਦੀਆਂ ਆਫਤਾਂ ਪਹਿਲਾਂ ਵੀ ਦੇਸ਼ ਵਿਚ ਆਈਆਂ ਹਨ ਪਰ ਭਾਰਤ ਨੇ ਹਮੇਸ਼ਾਂ ਸੰਘਰਸ਼ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਦਾ ਕਿਸਾਨਾਂ ਨੂੰ ਸੁਝਾਅ ਹੈ ਕਿ ਬਾਸਮਤੀ 'ਚ ਭਾਰਤੀ ਡਿਮਾਂਡ ਅਨੁਸਾਰ 30-40 ਪ੍ਰਤੀਸ਼ਤ ਬਾਸਮਤੀ 1121 ਦੀ ਬਿਜਾਈ ਕਰਨੀ ਚਾਹੀਦੀ ਹੈ ਅਤੇ ਬਾਕੀ ਪਰਮਲ ਝੋਨੇ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਝੋਨਾ ਵੇਚਣ ਵਿਚ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। 


Harinder Kaur

Content Editor

Related News