ਸਤੰਬਰ ’ਚ ਬਰਾਮਦ 5.27 ਫੀਸਦੀ ਵਧੀ, ਵਪਾਰ ਘਾਟਾ ਘੱਟ ਹੋ ਕੇ 2.91 ਅਰਬ ਡਾਲਰ ’ਤੇ

Saturday, Oct 03, 2020 - 05:36 PM (IST)

ਸਤੰਬਰ ’ਚ ਬਰਾਮਦ 5.27 ਫੀਸਦੀ ਵਧੀ, ਵਪਾਰ ਘਾਟਾ ਘੱਟ ਹੋ ਕੇ 2.91 ਅਰਬ ਡਾਲਰ ’ਤੇ

ਨਵੀਂ ਦਿੱਲੀ, (ਭਾਸ਼ਾ)–ਲਗਾਤਾਰ ਛੇ ਮਹੀਨੇ ਤੱਕ ਗਿਰਾਵਟ ਤੋਂ ਬਾਅਦ ਸਤੰਬਰ ’ਚ ਦੇਸ਼ ਦੀ ਬਰਾਮਦ ਸਾਲਾਨਾ ਆਧਾਰ ’ਤੇ 5.27 ਫੀਸਦੀ ਵਧ ਕੇ 27.4 ਅਰਬ ਡਾਲਰ ’ਤੇ ਪਹੁੰਚ ਗਈ। ਇਸ ਦੌਰਾਨ ਦਰਾਮਦ 19.6 ਫੀਸਦੀ ਘਟ ਕੇ 30.31 ਅਰਬ ਡਾਲਰ ’ਤੇ ਆ ਗਿਆ। ਵਣਜ ਮੰਤਰਾਲਾ ਵਲੋਂ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਸਮੀਖਿਆ ਅਧੀਨ ਮਹੀਨੇ ’ਚ ਵਪਾਰ ਘਾਟਾ ਘੱਟ ਹੋ ਕੇ 2.91 ਅਰਬ ਡਾਲਰ ’ਤੇ ਆ ਗਿਆ। ਸਤੰਬਰ 2019 ’ਚ ਵਪਾਰ ਘਾਟਾ 11.67 ਅਰਬ ਡਾਲਰ ਰਿਹਾ ਸੀ। ਪਿਛਲੇ ਸਾਲ ਸਤੰਬਰ ’ਚ ਬਰਾਮਦ 26.02 ਅਰਬ ਡਾਲਰ ਰਹੀ ਸੀ। ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਅਪ੍ਰੈਲ-ਸਤੰਬਰ ਦੌਰਾਨ ਬਰਾਮਦ ’ਚ 21.43 ਫੀਸਦੀ ਦੀ ਗਿਰਾਵਟ ਆਈ ਹੈ। ਇਹ 125.06 ਅਰਬ ਡਾਲਰ ਰਹੀ ਹੈ। ਉਥੇ ਹੀ ਪਹਿਲੀ ਛਿਮਾਹੀ ’ਚ ਦਰਾਮਦ 40.06 ਫੀਸਦੀ ਘਟ ਕੇ 148.69 ਡਾਲਰ ਰਹੀ ਹੈ। ਅੰਕੜਿਆਂ ਮੁਤਾਬਕ ਸਤੰਬਰ ’ਚ ਕੱਚੇ ਲੋਹੇ ਦੀ ਬਰਾਮਦ 109.52 ਫੀਸਦੀ, ਚੌਲ ਦੀ 92.44 ਫੀਸਦੀ, ਆਇਲ ਮੀਲ 43.9 ਫੀਸਦੀ ਅਤੇ ਕਾਲੀਨ ਦੀ 42.89 ਫੀਸਦੀ ਵਧੀ।

ਫਾਰਮਾ ਬਰਾਮਦ ’ਚ 24.36 ਫੀਸਦੀ ਦਾ ਵਾਧਾ
ਇਸ ਤਰ੍ਹਾਂ ਫਾਰਮਾ ਬਰਾਮਦ ’ਚ 24.36 ਫੀਸਦੀ, ਮਾਸ, ਡੇਅਰੀ ਅਤੇ ਪੋਲਟਰੀ ਉਤਪਾਦਾਂ ਦੀ ਬਰਾਮਦ ’ਚ 19.96 ਫੀਸਦੀ ਦਾ ਵਾਧਾ ਹੋਇਆ। ਇਸ ਦੌਰਾਨ ਤਮਾਕੂ ਦੀ ਬਰਾਮਦ 11.09 ਫੀਸਦੀ, ਪੈਟਰੋਲੀਅਮ ਉਤਪਾਦਾਂ ਦੀ ਬਰਾਮਦ 4.17 ਫੀਸਦੀ, ਇੰਜੀਨੀਅਰਿੰਗ ਸਾਮਾਨ ਦੀ 3.73 ਫੀਸਦੀ, ਰਸਾਇਣ ਦੀ 2.87 ਫੀਸਦੀ ਅਤੇ ਕੌਫੀ ਦੀ ਬਰਾਮਦ 0.79 ਫੀਸਦੀ ਵਧੀ।

ਕੱਚੇ ਤੇਲ ਦੀ ਦਰਾਮਦ 51.14 ਫੀਸਦੀ ਘਟੀ
ਮੰਤਰਾਲਾ ਨੇ ਕਿਹਾ ਕਿ ਸਤੰਬਰ ’ਚ ਕੱਚੇ ਤੇਲ ਦੀ ਦਰਾਮਦ 35.92 ਫੀਸਦੀ ਘਟ ਕੇ 5.82 ਅਰਬ ਡਾਲਰ ਰਹਿ ਗਈ। ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਕੱਚੇ ਤੇਲ ਦੀ ਦਰਾਮਦ 51.14 ਫੀਸਦੀ ਘਟ ਕੇ 31.85 ਅਰਬ ਡਾਲਰ ’ਤੇ ਆ ਗਈ। ਸਤੰਬਰ ’ਚ ਗੈਰ-ਤੇਲ ਦਰਾਮਦ 14.41 ਫੀਸਦੀ ਘਟ ਕੇ 24.48 ਅਰਬ ਡਾਲਰ ਰਹੀ। ਸ਼ੁਰੂਆਤੀ ਅੰਕੜਿਆਂ ਮੁਤਾਬਕ ਪਹਿਲੀ ਛਿਮਾਹੀ ’ਚ ਗੈਰ-ਤੇਲ ਦਰਾਮਦ 36.12 ਫੀਸਦੀ ਘਟ ਕੇ 116.83 ਅਰਬ ਡਾਲਰ ’ਤੇ ਆ ਗਈ। ਸਤੰਬਰ ’ਚ ਸੋਨੇ ਦੀ ਦਰਾਮਦ ’ਚ 52.85 ਫੀਸਦੀ ਦੀ ਗਿਰਾਵਟ ਆਈ। ਕੋਵਿਡ-19 ਮਹਾਮਾਰੀ ਕਾਰਣ ਕੌਮਾਂਤਰੀ ਮੰਗ ਕਮਜ਼ੋਰ ਰਹਿਣ ਨਾਲ ਮਾਰਚ ਤੋਂ ਬਰਾਮਦ ’ਚ ਲਗਾਤਾਰ ਗਿਰਾਵਟ ਆ ਰਹੀ ਸੀ।


author

Sanjeev

Content Editor

Related News