ਦਸੰਬਰ ’ਚ ਬਰਾਮਦ 38.91 ਫੀਸਦੀ ਵਧ ਕੇ 37.81 ਅਰਬ ਡਾਲਰ ਰਿਹਾ, ਵਪਾਰ ਘਾਟਾ ਵੀ ਵਧਿਆ
Saturday, Jan 15, 2022 - 10:26 AM (IST)
ਨਵੀਂ ਦਿੱਲੀ–ਇੰਜੀਨੀਅਰਿੰਗ, ਕੱਪੜਾ ਅਤੇ ਰਸਾਇਣ ਵਰਗੇ ਖੇਤਰਾਂ ਦੇ ਵਧੀਆ ਪ੍ਰਦਰਸ਼ਨ ਕਾਰਨ ਦਸੰਬਰ 2021 ’ਚ ਦੇਸ਼ ਦੀ ਬਰਾਮਦ ਸਾਲਾਨਾ ਆਧਾਰ ’ਤੇ 38.91 ਫੀਸਦੀ ਵਧ ਕੇ 37.81 ਅਰਬ ਡਾਲਰ ਹੋ ਗਈ। ਹਾਲਾਂਕਿ ਦਸੰਬਰ ’ਚ ਹੀ ਵਪਾਰ ਘਾਟਾ ਵਧ ਕੇ 21.68 ਅਰਬ ਡਾਲਰ ਹੋ ਗਿਆ। ਸਰਕਾਰੀ ਅੰਕੜਿਆਂ ਤੋਂ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਮਿਲੀ। ਇਨ੍ਹਾਂ ਅੰਕੜਿਆਂ ਮੁਤਾਬਕ ਦਸੰਬਰ 2021-22 ਦਰਮਿਆਨ ਬਰਾਮਦ 49.66 ਫੀਸਦੀ ਵਧ ਕੇ 301.38 ਅਰਬ ਡਾਲਰ ਹੋ ਗਈ। ਅੰਕੜਿਆਂ ਮੁਤਾਬਕ ਇਸ ਮਿਆਦ ਦੌਰਾਨ ਦਰਾਮਦ 68.91 ਫੀਸਦੀ ਵਧ ਕੇ 443.82 ਅਰਬ ਡਾਲਰ ਹੋ ਗਈ, ਜਿਸ ਨਾਲ ਵਪਾਰ ਘਾਟਾ 142.44 ਅਰਬ ਡਾਲਰ ਹੋ ਗਿਆ। ਵਪਾਰ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਦਸੰਬਰ 2021 ’ਚ ਬਰਾਮਦ 37.81 ਅਰਬ ਡਾਲਰ ਸੀ ਜੋ ਦਸੰਬਰ 2020 ’ਚ 27.2 ਅਰਬ ਡਾਲਰ ਸੀ। ਇਹ 38.91 ਫੀਸਦੀ ਦਾ ਸਕਾਰਾਤਮਕ ਵਾਧਾ ਦਰਸਾਉਂਦਾ ਹੈ।