ਚੌਲ ਅਤੇ ਕਪਾਹ ਦੀ ਐਕਸਪੋਰਟ ’ਤੇ ਵੀ ਲੱਗ ਸਕਦੀ ਹੈ ਪਾਬੰਦੀ, ਵਧੇਗਾ ਵਪਾਰ ਘਾਟਾ

Sunday, Jun 12, 2022 - 02:48 PM (IST)

ਚੌਲ ਅਤੇ ਕਪਾਹ ਦੀ ਐਕਸਪੋਰਟ ’ਤੇ ਵੀ ਲੱਗ ਸਕਦੀ ਹੈ ਪਾਬੰਦੀ, ਵਧੇਗਾ ਵਪਾਰ ਘਾਟਾ

ਨਵੀਂ ਦਿੱਲੀ (ਇੰਟ.) – ਭਾਰਤ ਤੋਂ ਖੇਤੀਬਾੜੀ ਜਿਣਸਾਂ ਅਤੇ ਉਦਯੋਗਿਕ ਧਾਤਾਂ ਦੀ ਤੇਜ਼ੀ ਨਾਲ ਵਧਦੀ ਐਕਸਪੋਰਟ ’ਤੇ ਸਰਕਾਰੀ ਪਾਬੰਦੀ ਅਤੇ ਕੱਚੇ ਤੇਲ, ਕੁਦਰਤੀ ਗੈਸ ਅਤੇ ਕੋਲੇ ਦੀਆਂ ਕੌਮਾਂਤਰੀ ਕੀਮਤਾਂ ’ਚ ਲਗਾਤਾਰ ਵਾਧੇ ਨਾਲ ਵਿੱਤੀ ਸਾਲ 2023 ’ਚ ਦੇਸ਼ ਦਾ ਵਪਾਰ ਘਾਟਾ ਹੋਰ ਵਧਣ ਦੇ ਆਸਾਰ ਹਨ। ਦੇਸ਼ ਦਾ ਵਪਾਰ ਘਾਟਾ ਵਿੱਤੀ ਸਾਲ 2022 ’ਚ ਵਧ ਕੇ 190.7 ਅਰਬ ਡਾਲਰ ਦੀ ਰਿਕਾਰਡ ਉਚਾਈ ’ਤੇ ਪੁਹੰਚ ਗਿਆ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੇ 102.6 ਅਰਬ ਡਾਲਰ ਦੇ ਵਪਾਰ ਘਾਟੇ ਦੀ ਤੁਲਨਾ ’ਚ 85.8 ਫੀਸਦੀ ਵੱਧ ਸੀ। ਇਸ ਤੋਂ ਪਹਿਲਾਂ 2012-13 ’ਚ ਸਭ ਤੋਂ ਵੱਧ 190.3 ਅਰਬ ਡਾਲਰ ਦਾ ਘਾਟਾ ਹੋਇਆ ਸੀ, ਜਿਸ ਦਾ ਰਿਕਾਰਡ ਪਿਛਲੇ ਵਿੱਤੀ ਸਾਲ ’ਚ ਟੁੱਟ ਗਿਆ। ਭਾਰਤ ਦੀ ਇੰਪੋਰਟ ਪਿਛਲੇ ਵਿੱਤੀ ਸਾਲ ਦੌਰਾਨ ਉਸ ਤੋਂ ਸਾਲ ਭਰ ਪਹਿਲਾਂ ਦੀ ਤੁਲਨਾ ’ਚ 55.3 ਫੀਸਦੀ ਵਧ ਕੇ 612.6 ਅਰਬ ਡਾਲਰ ਰਹੀ।

ਇਹ ਵੀ ਪੜ੍ਹੋ : ਭਾਰਤ ਨੇ 24 ਹਵਾਈ ਅੱਡਿਆਂ ਦੇ ਰੇਡੀਓ ਉਪਕਰਨਾਂ ਦੀ ਸਪਲਾਈ ਲਈ ਰੂਸ ਨਾਲ ਕੀਤਾ ਵੱਡਾ ਸਮਝੌਤਾ

ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਭਾਰਤ ਤੋਂ ਵਧੇਰੇ ਐਕਸਪੋਰਟ ਹੋਣ ਵਾਲੀਆਂ ਵਸਤਾਂ ’ਤੇ ਅਧਿਕਾਰਕ ਪਾਬੰਦੀਆਂ ਅਤੇ ਕੌਮਾਂਤਰੀ ਪੱਧਰ ’ਤੇ ਈਂਧਨ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਨਾਲ ਵਿੱਤੀ ਸਾਲ 2023 ’ਚ ਵਪਾਰ ਘਾਟਾ ਹੋਰ ਵਧੇਗਾ। ਜੇ. ਐੱਮ. ਇੰਸਟੀਚਿਊਸ਼ਨਲ ਇਕਵਿਟੀ ਦੇ ਐੱਮ. ਡੀ. ਅਤੇ ਮੁੱਖ ਰਣਨੀਤੀਕਾਰ ਧਨੰਜੇ ਸਿਨਹਾ ਨੇ ਕਿਹਾ ਕਿ ਕੱਚੇ ਤੇਲ, ਕੁਦਰਤੀ ਗੈਸ, ਤਾਪ ਕੋਲੇ ਅਤੇ ਖਾਦ ਵਰਗੇ ਭਾਰਤ ’ਚ ਵਧੇਰੇ ਇੰਪੋਰਟ ਹੋਣ ਵਾਲੇ ਮਾਲ ਦੀਆਂ ਕੀਮਤਾਂ ਉੱਚੀਆਂ ਬਣੀਆਂ ਹੋਈਆਂ ਹਨ, ਜਦ ਕਿ ਐਕਸਪੋਰਟ ਪਾਬੰਦੀਆਂ ਅਤੇ ਘੱਟ ਕੀਮਤਾਂ ਕਾਰਨ ਖੇਤੀਬਾੜੀ ਜਿਣਸਾਂ ਅਤੇ ਉਦਯੋਗਿਕ ਧਾਤਾਂ ਦੀ ਐਕਸਪੋਰਟ ਘਟ ਸਕਦੀ ਹੈ।

ਇਹ ਵੀ ਪੜ੍ਹੋ : ਭਰਮਾਊ ਇਸ਼ਤਿਹਾਰਾਂ ਨੂੰ ਰੋਕਣ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਅਗਲੇ ਕੁੱਝ ਹਫਤਿਆਂ ’ਚ ਚੌਲ ਅਤੇ ਕਪਾਹ ਦੀ ਐਕਸਪੋਰਟ ’ਤੇ ਵੀ ਲੱਗ ਸਕਦੀ ਹੈ ਪਾਬੰਦੀ

ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਦੇਸ਼ ਤੋਂ ਕਣਕ ਦੀ ਐਕਸਪੋਰਟ ਰੋਕ ਦਿੱਤੀ ਸੀ ਅਤੇ ਖੰਡ ਦੀ ਐਕਸਪੋਰਟ ’ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਤੋਂ ਬਾਅਦ ਸਰਕਾਰ ਨੇ ਇਸਪਾਤ ਦੀ ਐਕਸਪੋਰਟ ’ਤੇ 15 ਫੀਸਦੀ ਐਕਸਪੋਰਟ ਫੀਸ ਲਗਾ ਦਿੱਤੀ ਸੀ ਤਾਂ ਕਿ ਇਸ ਦੀ ਐਕਸਪੋਰਟ ਘਟ ਜਾਵੇ ਅਤੇ ਦੇਸੀ ਬਾਜ਼ਾਰ ’ਚ ਇਸ ਦੀਆਂ ਕੀਮਤਾਂ ਘੱਟ ਹੋ ਜਾਣ। ਬਾਜ਼ਾਰ ’ਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਦੇਸ਼ ’ਚ ਮਹਿੰਗਾਈ ਉੱਚੀ ਬਣੀ ਰਹੀ ਤਾਂ ਅਗਲੇ ਕੁੱਝ ਹਫਤਿਆਂ ’ਚ ਚੌਲ ਅਤੇ ਕਪਾਹ ਦੀ ਐਕਸਪੋਰਟ ’ਤੇ ਵੀ ਪਾਬੰਦੀ ਲਗ ਸਕਦੀ ਹੈ। ਕਣਕ, ਖੰਡ ਅਤੇ ਲੋਹਾ ਅਤੇ ਇਸਪਾਤ ਵਰਗੀਆਂ ਜਿਣਸਾਂ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ, ਉਨ੍ਹਾਂ ਦਾ ਵਿੱਤੀ ਸਾਲ 2022 ’ਚ ਵਸਤੂ ਐਕਸਪੋਰਟ ’ਚ ਅਹਿਮ ਯੋਗਦਾਨ ਰਿਹਾ ਸੀ। ਅਜਿਹੇ ’ਚ ਇਨ੍ਹਾਂ ਜਿਣਸਾਂ ਦੀ ਐਕਸਪੋਰਟ ’ਤੇ ਰੋਕ ਨਾਲ ਵਿਦੇਸ਼ੀ ਵਪਾਰ ਪ੍ਰਭਾਵਿਤ ਹੋਵੇਗਾ।

ਇਹ ਵੀ ਪੜ੍ਹੋ : IDBI Bank ਦੇ ਨਿੱਜੀਕਰਨ ਦੀਆਂ ਤਿਆਰੀਆਂ ਤੇਜ਼, ਅਗਲੇ ਮਹੀਨੇ ਬੋਲੀ ਮੰਗ ਸਕਦੀ ਹੈ ਸਰਕਾਰ

ਭਾਰਤ ਦੀਆਂ ਵਸਤਾਂ ਦੀ ਇੰਪੋਰਟ 2023 ’ਚ ਵਧ ਕੇ 182.9 ਅਰਬ ਡਾਲਰ ਹੋਣ ਦਾ ਅਨੁਮਾਨ

ਇੰਡੀਆ ਰੇਟਿੰਗਸ ਐਂਡ ਰਿਸਰਚ ਮੁਤਾਬਕ ਭਾਰਤ ਦੀਆਂ ਵਸਤਾਂ ਦੀ ਐਕਸੋਪਰਟ ਵਿੱਤੀ ਸਾਲ 2023 ਦੀ ਪਹਿਲੀ ਤਿਮਾਹੀ ’ਚ ਵਧ ਕੇ 182.9 ਅਰਬ ਡਾਲਰ ਹੋਣ ਦਾ ਅਨੁਮਾਨ ਹੈ, ਜੋ ਵਿੱਤੀ ਸਾਲ 2022 ਦੀ ਚੌਥੀ ਤਿਮਾਹੀ ’ਚ 168.1 ਅਰਬ ਡਾਲਰ ਰਹੀ ਸੀ। ਇਸ ਮਿਆਦ ’ਚ ਐਕਸਪੋਰਟ ਵਧ ਕੇ 112.5 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਇਸ ਦੇ ਨਤੀਜੇ ਵਜੋਂ ਵਪਾਰ ਘਾਟਾ ਵਿੱਤੀ ਸਾਲ 2023 ਦੀ ਪਹਿਲੀ ਤਿਮਾਹੀ ’ਚ ਵਧ ਕੇ 70.4 ਅਰਬ ਡਾਲਰ ’ਤੇ ਪਹੁੰਚਣ ਦਾ ਅਨੁਮਾਨ ਹੈ ਜੋ ਵਿੱਤੀ ਸਾਲ 2022 ਦੀ ਚੌਥੀ ਤਿਮਾਹੀ ’ਚ 56.8 ਅਰਬ ਡਾਲਰ ਰਿਹਾ ਸੀ। ਇੰਡੀਆ ਰੇਟਿੰਗਸ ਐਂਡ ਰਿਸਰਚ ਦੇ ਮੁੱਖ ਅਰਥਸ਼ਾਸਤਰੀ ਸੁਨੀਲ ਕੁਮਾਰ ਸਿਨਹਾ ਨੇ ਕਿਹਾ ਕਿ ਇਸ ਦਾ ਕਾਰਨ ਘਰੇਲੂ ਆਰਥਿਕ ਗਤੀਵਿਧੀਆਂ ਦਾ ਆਮ ਵਾਂਗ ਹੋਣਾ, ਵਸਤਾਂ ਦੀਆਂ ਕੀਮਤਾਂ ਦਾ ਉੱਚੇ ਪੱਧਰਾਂ ’ਤੇ ਪਹੁੰਚਣਾ ਅਤੇ ਮਾਲਭਾੜਾ ਅਤੇ ਆਵਾਜਾਈ ਲਾਗਤ ’ਚ ਵਾਧਾ ਹੋਣਾ ਹੈ।

ਇਹ ਵੀ ਪੜ੍ਹੋ : AGA ਦੀ ਰਿਪੋਰਟ 'ਚ ਦਾਅਵਾ : US ਦੇ Casinos 'ਚ ਜੁਆਰੀਆਂ ਦੇ ਡੁੱਬੇ 5.3 ਬਿਲੀਅਨ ਡਾਲਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News