ਭਾਰਤ ਤੋਂ ਦਵਾਈਆਂ ਦੀ ਬਰਾਮਦ ਪਿਛਲੇ ਵਿੱਤੀ ਸਾਲ ’ਚ 18 ਫੀਸਦੀ ਉਛਲੀ

4/17/2021 6:15:26 PM

ਹੈਦਰਾਬਾਦ (ਭਾਸ਼ਾ) – ਭਾਰਤ ਤੋਂ ਦਵਾਈਆਂ ਦੀ ਬਰਾਮਦ ਪਿਛਲੇ ਵਿੱਤੀ ਸਾਲ 2020-21 ’ਚ 24.44 ਅਰਬ ਡਾਲਰ ਦੇ ਬਰਾਬਰ ਰਹੀ ਜੋ ਇਸ ਤੋਂ ਇਕ ਸਾਲ ਪਹਿਲਾਂ ਦੇ 18 ਫੀਸਦੀ ਤੋਂ ਵੱਧ ਹੈ। ਸਾਲ 2019-20 ’ਚ 20.58 ਅਰਬ ਡਾਲਰ ਦੇ ਬਰਾਬਰ ਸੀ। ਭਾਰਤ ਤੋਂ ਦਵਾਈਆਂ ਦੀ ਬਰਾਮਦ ’ਚ ਇਹ ਉਛਾਲ ਅਜਿਹੇ ਸਮੇਂ ਨਜ਼ਰ ਆਇਆ ਹੈ ਜਦੋਂ ਕੌਮਾਂਤਰੀ ਬਾਜ਼ਾਰ ’ਚ ਹਲਕਾ ਕਾਂਟ੍ਰੈਕਸ਼ਨ ਰਿਹਾ। ਇੰਡੀਅਨ ਫਾਰਮਾਸਿਊਟੀਕਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਡਾਇਰੈਕਟਰ ਜਨਰਲ ਉਦੈ ਭਾਸਕਰ ਨੇ ਇਕ ਬਿਆਨ ’ਚ ਕਿਹਾ ਕਿ ਮਾਰਚ 2021 ’ਚ ਅਸੀਂ ਆਪਣੀ ਬਰਾਮਦ ’ਚ ਤੇਜ਼ ਉਛਾਲ ਦੇਖਿਆ ਅਤੇ ਇਹ 2.3 ਅਰਬ ਡਾਲਰ (ਆਰਜ਼ੀ ਅੰਕੜੇ) ਰਿਹਾ। ਮਾਰਚ ਦੀ ਬਰਾਮਦ ਵਿੱਤੀ ਸਾਲ ਦੌਰਾਨ ਕਿਸੇ ਵੀ ਮਹੀਨੇ ਦੀ ਤੁਲਨਾ ’ਚ ਸਭ ਤੋਂ ਵੱਧ ਹੈ। ਮਾਰਚ ਮਹੀਨੇ ਦੀ ਵਾਧਾ ਦਰ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਦੀ ਤੁਲਨਾ ’ਚ 48.5 ਫੀਸਦੀ ਰਹੀ। ਮਾਰਚ 2020 ’ਚ ਬਰਾਮਦ 1.54 ਅਰਬ ਡਾਲਰ ਸੀ।

ਬਿਆਨ ’ਚ ਭਾਸਕਰ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਿਛਲੇ ਸਾਲ ਮਾਰਚ ’ਚ ਲਾਕਡਾਊਨ ਲਾਗੂ ਹੋਣ ਨਾਲ ਬਰਾਮਦ ’ਤੇ ਅਸਰ ਪਿਆ ਸੀ। ਸਾਲ 2020 ’ਚ ਕੌਮਾਂਤਰੀ ਮੈਡੀਕਲ ਬਾਜ਼ਾਰ ’ਚ 1 ਤੋਂ 2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਉਲਟ ਸਾਲ ਦੌਰਾਨ ਭਾਰਤ ਤੋਂ ਦਵਾਈਆਂ ਦੀ ਮੰਗ ’ਚ ਤੇਜ਼ ਉਛਾਲ ਨਜ਼ਰ ਆਇਆ। ਭਾਰਤ ਦੀਆਂ ਦਵਾਈਆਂ ਦੀ ਗੁਣਵੱਤਾ ਅਤੇ ਇਨ੍ਹਾਂ ਦੇ ਸਹੀ ਮੁੱਲ ਕਾਰਨ ਇਨ੍ਹਾਂ ਦੀ ਮੰਗ ’ਚ ਤੇਜ਼ੀ ਰਹੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਭਾਰਤ ਤੋਂ ਵੈਕਸੀਨ ਦੀ ਬਰਾਮਦ ’ਚ ਚੰਗਾ ਵਾਧਾ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ।

ਉੱਤਰੀ ਅਮਰੀਕਾ ਭਾਰਤ ਦੀਆਂ ਦਵਾਈਆਂ ਲਈ ਬਰਾਮਦ ਦਾ ਸਭ ਤੋਂ ਵੱਡਾ ਬਾਜ਼ਾਰ

ਇਸ ਤਰ੍ਹਾਂ ਭਾਰਤ ਸਰਕਾਰ ਦੀ ਉਤਪਾਦਕਤਾ ਆਧਾਰਿਤ ਪ੍ਰੋਤਸਾਹਨ ਯੋਜਨਾ ਨਾਲ ਮੈਡੀਕਲ ਖੇਤਰ ’ਚ ਦਰਾਮਦ ’ਤੇ ਨਿਰਭਰਤਾ ਘੱਟ ਹੋਵੇਗੀ ਅਤੇ ਬਰਾਮਦ ਦਾ ਆਧਾਰ ਮਜ਼ਬੂਤ ਹੋਵੇਗਾ। ਉੱਤਰੀ ਅਮਰੀਕਾ ਭਾਰਤ ਦੀਆਂ ਦਵਾਈਆਂ ਲਈ ਬਰਾਮਦ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਸਾਲ ਦੌਰਾਨ ਬਰਾਮਦ ’ਚ ਇਸ ਬਾਜ਼ਾਰ ਦਾ ਹਿੱਸਾ 34 ਫੀਸਦੀ ਰਿਹਾ। ਉਸ ਤੋਂ ਬਾਅਦ ਦੱਖਣੀ ਅਫਰੀਕਾ ਬਾਜ਼ਾਰ ਦਾ ਸਥਾਨ ਹੈ। ਉਥੋਂ ਦੀ ਬਰਾਮਦ ’ਚ 28 ਫੀਸਦੀ ਅਤੇ ਯੂਰਪੀ ਬਾਜ਼ਾਰ ’ਚ ਬਰਾਮਦ 11 ਫੀਸਦੀ ਦੀ ਦਰ ਨਾਲ ਵਧੀ।


Harinder Kaur

Content Editor Harinder Kaur