ਮਹਿੰਗੇ ਹੋ ਸਕਦੇ ਹਨ ਸੋਨਾ, ਚਾਂਦੀ ਤੇ ਮੋਬਾਇਲ ਫੋਨ
Tuesday, Dec 24, 2019 - 11:34 PM (IST)

ਨਵੀਂ ਦਿੱਲੀ (ਭਾਸ਼ਾ)-ਅਰਥਵਿਵਸਥਾ ’ਚ ਰਫ਼ਤਾਰ ਲਿਆਉਣ ਲਈ ਸਰਕਾਰ ਮਾਲੀਏ ’ਚ ਵਾਧੇ ਲਈ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਦੀਆਂ ਦਰਾਂ ’ਚ ਬਦਲਾਅ ’ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਸੋਨਾ, ਚਾਂਦੀ ਅਤੇ ਮੋਬਾਇਲ ਫੋਨ ਆਦਿ ਮਹਿੰਗੇ ਹੋ ਸਕਦੇ ਹਨ। ਸਰਕਾਰ ਨੇ ਜੀ. ਐੱਸ. ਟੀ. ਦੀਆਂ ਦਰਾਂ ’ਤੇ ਸਮੀਖਿਅਾ ਲਈ ਕਮੇਟੀ ਆਫ ਆਫਿਸਰਜ਼ ਦਾ ਗਠਨ ਕੀਤਾ ਸੀ। ਹੁਣ ਇਸ ਕਮੇਟੀ ਨੇ ਆਪਣੀ ਕੁਝ ਸਿਫਾਰਿਸ਼ਾਂ ਕੇਂਦਰ ਸਰਕਾਰ ਸਾਹਮਣੇ ਪੇਸ਼ ਕੀਤੀਆਂ ਹਨ। ਕੇਂਦਰ ਸਰਕਾਰ ਇਨ੍ਹਾਂ ਸਿਫਾਰਿਸ਼ਾਂ ’ਤੇ ਵਿਚਾਰ ਕਰਕੇ ਇਨ੍ਹਾਂ ਨੂੰ ਜੀ. ਐੱਸ. ਟੀ. ਕੌਂਸਲ ਦੇ ਸਾਹਮਣੇ ਰੱਖੇਗੀ। ਇਸ ਤੋਂ ਬਾਅਦ ਜੀ. ਐੱਸ. ਟੀ. ਕੌਂਸਲ ਫੈਸਲਾ ਲਵੇਗੀ ਕਿ ਇਨ੍ਹਾਂ ਸਿਫਾਰਿਸ਼ਾਂ ਨੂੰ ਮੰਨਿਆ ਜਾਵੇ ਜਾਂ ਨਹੀਂ।
ਇਹ ਵੀ ਪਤਾ ਲੱਗਾ ਹੈ ਕਿ ਕਮੇਟੀ ਆਫ ਆਫਿਸਰਜ਼ ਦੀਆਂ ਸਿਫਾਰਿਸ਼ਾਂ ਨੂੰ ਅਪ੍ਰੈਲ 2020 ਤੋਂ ਲਾਗੂ ਕੀਤਾ ਜਾ ਸਕਦਾ ਹੈ। ਸਰਕਾਰ ਨੇ ਇਸ ਕਮੇਟੀ ਦਾ ਗਠਨ ਅਕਤੂਬਰ ’ਚ ਕੀਤਾ ਸੀ। ਜੋ ਵਸਤਾਂ 5 ਅਤੇ 12 ਫ਼ੀਸਦੀ ਟੈਕਸ ਦੇ ਘੇਰੇ ’ਚ ਹਨ, ਉਨ੍ਹਾਂ ਨੂੰ ਹੋਰ ਉੱਚੇ ਸਲੈਬ ’ਚ ਲਿਆਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੀਮਤੀ ਧਾਤਾਂ ਜਿਵੇਂ ਸੋਨਾ, ਚਾਂਦੀ ’ਤੇ ਜੀ. ਐੱਸ. ਟੀ. ਦੀ ਦਰ ਨੂੰ 3 ਤੋਂ ਵਧਾ ਕੇ 5 ਫ਼ੀਸਦੀ ਕੀਤਾ ਜਾਵੇ।
ਸਪੈਸ਼ਲ ਲਗਜ਼ਰੀ ਆਈਟਮਸ ’ਤੇ ਉੱਚੀਆਂ ਦਰਾਂ ਦਾ ਸੁਝਾਅ
ਕਮੇਟੀ ਆਫ ਆਫਿਸਰਜ਼ ਨੇ ਸੁਝਾਅ ਦਿੱਤਾ ਹੈ ਕਿ ਸਿੱਖਿਆ ਅਤੇ ਸਿਹਤ ਨੂੰ ਵੀ ਉੱਚੇ ਟੈਕਸ ਸਲੈਬ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸਪੈਸ਼ਲ ਲਗਜ਼ਰੀ ਆਈਟਮਸ ’ਤੇ ਉੱਚੀਆਂ ਦਰਾਂ ਹੋਣੀਆਂ ਚਾਹੀਦੀਆਂ ਹਨ। ਜੇਕਰ ਜੀ. ਐੱਸ. ਟੀ. ਕੌਂਸਲ ਕਮੇਟੀ ਆਫ ਆਫਿਸਰਜ਼ ਦੀਆਂ ਸਿਫਾਰਿਸ਼ਾਂ ਨੂੰ ਮੰਨ ਲੈਂਦੀ ਹੈ ਤਾਂ ਆਉਣ ਵਾਲੇ ਨਵੇਂ ਵਿੱਤੀ ਸਾਲ ’ਚ ਸੋਨਾ, ਚਾਂਦੀ ਤਾਂ ਮਹਿੰਗਾ ਹੋਵੇਗਾ ਹੀ, ਨਾਲ ਹੀ ਪੜ੍ਹਾਈ ਅਤੇ ਸਿਹਤ ਸਹੂਲਤਾਂ ਵੀ ਮਹਿੰਗੀਆਂ ਹੋ ਜਾਣਗੀਆਂ। ਨਵੀਆਂ ਸਿਫਾਰਿਸ਼ਾਂ ਦੇ ਲਾਗੂ ਹੋਣ ਨਾਲ ਮੋਬਾਇਲ ਫੋਨ ਵੀ ਮਹਿੰਗੇ ਹੋ ਜਾਣਗੇ। ਇਸ ਦਾ ਸਭ ਤੋਂ ਜ਼ਿਆਦਾ ਅਸਰ ਖੇਤੀ-ਕਿਸਾਨੀ ’ਤੇ ਪਵੇਗਾ ਕਿਉਂਕਿ ਕਮੇਟੀ ਨੇ ਖਾਦਾਂ ’ਤੇ ਡਿਊਟੀ ਵਧਾਉਣ ਦੀ ਗੱਲ ਕਹੀ ਹੈ। ਇਸ ਨਾਲ ਕਿਸਾਨਾਂ ਨੂੰ ਮਿਲਣ ਵਾਲੀ ਖਾਦ ਮਹਿੰਗੀ ਹੋ ਜਾਵੇਗੀ।