ਐਗਜ਼ਿਟ ਪੋਲ ਦੇ ਨਤੀਜਿਆਂ 'ਤੇ ਸੋਚ ਕੇ ਕਰੋ ਵਿਸ਼ਵਾਸ, ਸੰਭਲ ਕੇ ਲਗਾਓ ਬਜ਼ਾਰ 'ਚ ਪੈਸਾ

05/21/2019 2:31:25 PM

ਮੁੰਬਈ — ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਆਏ ਐਗਜ਼ਿਟ ਪੋਲ(ਅਨੁਮਾਨਾਂ) 'ਚ ਭਾਰਤੀ ਜਨਤਾ ਪਾਰਟੀ ਦੇ ਦੁਬਾਰਾ ਸੱਤਾ ਵਿਚ ਆਉਣ ਦੀ ਗੱਲ ਕਹੀ ਜਾ ਰਹੀ ਹੈ। 7ਵੇਂ ਗੇੜ ਦੀਆਂ ਵੋਟਾਂ ਸਹੀ ਸਲਾਮਤ ਖਤਮ ਹੋਣ ਤੋਂ ਅਗਲੇ ਦਿਨ ਬਜ਼ਾਰ ਦੀਆਂ ਵਾਛਾਂ ਖਿੜ੍ਹ ਗਈਆਂ । ਇਸ ਦੇ ਅਨੁਮਾਨਾਂ ਕਾਰਨ ਭਾਰਤੀ ਸ਼ੇਅਰ ਬਜ਼ਾਰ ਨੇ ਸੋਮਵਾਰ ਨੂੰ ਇਤਿਹਾਸਕ ਛਲਾਂਗ ਲਗਾਈ ਅਤੇ 4 ਫੀਸਦੀ ਤੱਕ ਦਾ ਵਾਧਾ ਲੈ ਕੇ ਬੰਦ ਹੋਇਆ। ਹਾਲਾਂਕਿ ਐਗਜ਼ਿਟ ਪੋਲ 'ਤੇ ਭਰੋਸਾ ਕਰਕੇ ਬਜ਼ਾਰ ਵਿਚ ਵੱਡਾ ਦਾਅ ਲਗਾਉਣਾ ਨਿਵੇਸ਼ਕਾਂ ਲਈ ਮਹਿੰਗਾ ਸੌਦਾ ਸਾਬਤ ਹੋ ਸਕਦਾ ਹੈ। ਬਜ਼ਾਰ ਮਾਹਰਾਂ ਨੇ ਉਨ੍ਹਾਂ ਦੋ ਮੌਕਿਆਂ ਦਾ ਜ਼ਿਕਰ ਕੀਤਾ ਹੈ ਜਦੋਂ ਐਗਜ਼ਿਟ ਪੋਲ ਦੇ ਅੰਕੜੇ ਮੂਧੇ ਮੂੰਹ ਡਿੱਗੇ ਸਨ। ਆਓ 1999 ਤੋਂ ਲੈ ਕੇ ਹੁਣ ਤੱਕ ਐਗਜ਼ਿਟ ਪੋਲ 'ਤੇ ਨਜ਼ਰ ਮਾਰੀਏ।

1999 ਦੀਆਂ ਆਮ ਚੋਣਾਂ

1999 ਦੇ EXIT POLL 'ਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਦੇ ਸਭ ਤੋਂ ਵੱਡੇ ਗਠਜੋੜ ਦੇ ਰੂਪ 'ਚ ਸਾਹਮਣੇ ਆਉਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਅਤੇ ਇਸ ਨੂੰ 185 ਸੀਟਾਂ ਦਿੱਤੀਆਂ ਗਈਆਂ ਸਨ। ਇਨ੍ਹਾਂ ਅਨੁਮਾਨਾਂ ਵਿਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਗਠਜੋੜ ਨੂੰ 142 ਸੀਟਾਂ ਦਿੱਤੀਆਂ ਗਈਆਂ ਸਨ। ਇਨ੍ਹਾਂ ਅੰਕੜਿਆਂ ਦੇ ਅਨੁਮਾਨਾਂ ਨਾਲ ਬਜ਼ਾਰ 1 ਫੀਸਦੀ ਫਿਸਲ ਗਿਆ ਸੀ। ਪਰ ਇਸ ਵਾਸਤਵਿਕ ਨਤੀਜੇ ਰਾਜਗ ਦੇ ਪੱਖ ਵਿਚ ਰਹੇ ਅਤੇ ਇਸ ਨੂੰ 296 ਸੀਟਾਂ ਨਾਲ ਬਹੁਮਤ ਮਿਲ ਗਿਆ।

2004 ਦੀਆਂ ਆਮ ਚੋਣਾਂ

ਜ਼ਿਆਦਾਤਰ ਐਗਜ਼ਿਟ ਪੋਲ ਵਿਚ ਰਾਜਗ ਦੇ ਹੀ ਸੱਤਾ ਵਿਚ ਵਾਪਸ ਆਉਣ ਦੇ ਅੰਦਾਜ਼ੇ ਲਗਾਏ ਜਾਂਦੇ ਰਹੇ ਹਨ। ਇਸ ਸਾਲ ਦੇ ਐਗਜ਼ਿਟ ਪੋਲ 'ਚ ਰਾਜਗ ਨੂੰ 260 ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਗਠਜੋੜ ਨੂੰ 181 ਸੀਟਾਂ ਦਿੱਤੀਆਂ ਗਈਆਂ। ਯੂ.ਪੀ.ਏ. 222 ਸੀਟਾਂ ਦੇ ਨਾਲ ਵਾਮਪੰਥੀ(ਖੱਬੇ ਪੱਖੀ) ਦਲਾਂ ਦੇ ਸਮਰਥਨ ਨਾਲ ਸੱਤਾ ਵਿਚ ਆ ਗਈ ਅਤੇ 189 ਸੀਟਾਂ ਨਾਲ ਰਾਜਗ ਸੱਤਾ ਤੋਂ ਬਾਹਰ ਹੋ ਗਈ। ਨਤੀਜੇ ਵਾਲੇ ਦਿਨ ਸੈਂਸੈਕਸ ਕਾਰੋਬਾਰ ਦੇ ਦੌਰਾਨ 5 ਫੀਸਦੀ ਤੱਕ ਫਿਸਲ ਗਿਆ ਸੀ।

PunjabKesari

2009 ਦੀਆਂ ਆਮ ਚੋਣਾਂ

ਤ੍ਰਿਕੋਣੀ ਲੋਕ ਸਭਾ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਇਸ ਕਾਰਨ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਸਨ। ਐਗਜ਼ਿਟ ਪੋਲ ਵਿਚ ਰਾਜਗ ਨੂੰ 185 ਅਤੇ ਯੂ.ਪੀ.ਏ. ਨੂੰ 198 ਸੀਟਾਂ ਦਿੱਤੀਆਂ ਗਈਆਂ ਸਨ। ਇਸ ਦੇ ਜਵਾਬ ਵਿਚ ਬਜ਼ਾਰ ਦੀ ਪ੍ਰਤੀਕਿਰਿਆ ਨਕਾਰਾਤਮਕ ਰਹੀ ਸੀ ਅਤੇ ਅਗਲੇ ਦਿਨ ਬਜ਼ਾਰ 1.22 ਫੀਸਦੀ ਤੱਕ ਫਿਸਲ ਗਿਆ ਸੀ। ਨਤੀਜੇ ਆਉਣ ਤੋਂ ਬਾਅਦ ਯੂ.ਪੀ.ਏ. ਨੂੰ 262 ਸੀਟਾਂ ਮਿਲੀਆਂ ਸਨ। ਇਸ ਦੇ ਜਵਾਬ ਵਿਚ ਬਜ਼ਾਰ 17 ਫੀਸਦੀ ਤੱਕ ਉਛਲ ਗਿਆ ਸੀ। 

ਸਾਲ 2014 ਦੀਆਂ ਆਮ ਚੋਣਾਂ

ਐਗਜ਼ਿਟ ਪੋਲ 'ਚ ਰਾਜਗ ਨੂੰ 285 ਸੀਟਾਂ ਅਤੇ ਯੂ.ਪੀ.ਏ. ਦੇ ਗਠਜੋੜ ਨੂੰ 104 ਸੀਟਾਂ ਦਿੱਤੀਆਂ ਗਈਆਂ ਸਨ ਅਤੇ ਐਗਜ਼ਿਟ ਪੋਲ ਦੇ ਆਉਣ ਤੋਂ ਬਾਅਦ ਬਜ਼ਾਰ 1.36 ਫੀਸਦੀ ਤੱਕ ਉਛਲ ਗਿਆ ਸੀ। ਅਸਲ ਨਤੀਜੇ ਐਗਜ਼ਿਟ ਪੋਲ ਦੇ ਅੰਕੜਿਆਂ ਤੋਂ ਕਿਤੇ ਜਿਆਦਾ ਰਹੇ। ਰਾਜਗ ਗਠਜੋੜ 336 ਸੀਟਾਂ ਲੈ ਕੇ ਭਾਰੀ ਬਹੁਮਤ ਨਾਲ ਜਿੱਤ ਗਿਆ ਜਦੋਂਕਿ ਯੂ.ਪੀ.ਏ. ਨੂੰ 104 ਸੀਟਾਂ ਨਾਲ ਹੀ ਸਬਰ ਕਰਨਾ ਪਿਆ। 

ਸਾਲ 2019 ਦੀਆਂ ਜਾਰੀ ਆਮ ਚੋਣਾਂ

ਇਸ ਵਾਰ ਦੀਆਂ ਆਮ ਚੋਣਾਂ ਵਿਚ ਨਰਿੰਦਰ ਮੋਦੀ ਦੀ ਸਰਕਾਰ ਦੇ ਦੁਬਾਰਾ ਸੱਤਾ ਵਿਚ ਆਉਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਇਸ ਵਾਰ ਦੇ ਐਗਜ਼ਿਟ ਪੋਲ ਵਿਚ ਰਾਜਗ ਸਰਕਾਰ ਨੂੰ 304 ਸੀਟਾਂ ਦਿੱਤੀਆਂ ਗਈਆਂ ਹਨ ਅਤੇ ਯੂ.ਪੀ.ਏ. ਸਰਕਾਰ ਦੇ ਹਿੱਸੇ 118 ਸੀਟਾਂ ਆਉਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਨ੍ਹਾਂ ਅੰਦਾਜ਼ਿਆਂ  ਨਾਲ ਬਜ਼ਾਰ ਨੇ ਇਕ ਦਿਨ 'ਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਸੀ। ਅਸਲ ਨਤੀਜੇ ਦੋ ਦਿਨਾਂ ਬਾਅਦ 23 ਮਈ ਨੂੰ ਆਉਣ ਵਾਲੇ ਹਨ।


Related News