ਯੂਰਪੀ ਸੰਸਦ ਵੱਲੋਂ ਈ. ਯੂ. ਤੇ ਬ੍ਰਿਟੇਨ ਵਿਚਾਲੇ ਵਪਾਰ ਸਮਝੌਤੇ ਨੂੰ ਹਰੀ ਝੰਡੀ
Wednesday, Apr 28, 2021 - 02:06 PM (IST)
ਬ੍ਰਸਲਜ਼- ਯੂਰਪੀ ਸੰਸਦ ਮੈਂਬਰਾਂ ਨੇ ਬ੍ਰੈਗਜ਼ਿਟ ਤੋਂ ਬਾਅਦ ਯੂਰਪੀਅਨ ਯੂਨੀਅਨ (ਈ. ਯੂ.) ਅਤੇ ਬ੍ਰਿਟੇਨ ਵਿਚਾਲੇ ਹੋਏ ਵਪਾਰ ਸਮਝੌਤੇ ਦੀ ਅੰਤਿਮ ਤਸਦੀਕ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਸਹਿਮਤੀ ਬ੍ਰਿਟੇਨ ਦੇ ਯੂਰਪੀ ਸੰਘ ਛੱਡਣ ਦਾ ਫ਼ੈਸਲਾ ਲੈਣ ਤੋਂ ਪੰਜ ਸਾਲ ਬਾਅਦ ਬਣੀ ਹੈ। ਇਸ ਸਮਝੌਤੇ ਨੂੰ ਕ੍ਰਿਸਮਸ ਦੀ ਸ਼ਾਮ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਉੱਥੇ ਹੀ, ਯੂ. ਕੇ. ਦੀ ਸੰਸਦ ਵੱਲੋਂ ਇਸ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।
ਹਾਲਾਂਕਿ, ਯੂਰਪੀ ਸੰਸਦ ਵੱਲੋਂ ਅਜੇ ਤਕ ਮਨਜ਼ੂਰੀ ਨਹੀਂ ਮਿਲੀ ਸੀ। ਯੂਰਪੀ ਸੰਸਦ ਵਿਚ ਸੰਸਦ ਮੈਂਬਰਾਂ ਨੇ ਯੂ. ਕੇ. ਸਰਕਾਰ ਅਤੇ ਯੂਰਪੀ ਸੰਘ ਦਰਮਿਆਨ ਹੋਏ ਸਮਝੌਤੇ ਦੇ ਹੱਕ ਵਿਚ ਵੋਟ ਦਿੱਤੀ। ਵੋਟਿੰਗ ਮੰਗਲਵਾਰ ਨੂੰ ਹੋਈ ਸੀ ਪਰ ਨਤੀਜੇ ਬੁੱਧਵਾਰ ਸਵੇਰੇ ਐਲਾਨੇ ਗਏ। ਬ੍ਰਿਟੇਨ 1973 ਵਿਚ ਇਸ ਸੰਘ ਵਿਚ ਸ਼ਾਮਲ ਹੋਇਆ ਸੀ। ਯੂਰਪੀ ਸੰਘ ਵਿਚੋਂ ਨਿਕਲਣ ਮਗਰੋਂ ਯੂ. ਕੇ. ਨੇ ਕਈ ਦੇਸ਼ਾਂ ਨਾਲ ਆਪਣੇ ਪੱਧਰ 'ਤੇ ਵਪਾਰ ਸਮਝੌਤੇ ਕੀਤੇ ਹਨ ਅਤੇ ਕਈ ਦੇਸ਼ਾਂ ਨਾਲ ਵਪਾਰ ਕਰਾਰ ਕਰਨ ਦੀ ਤਾਂਘ ਵਿਚ ਹੈ।