5G ਲਈ ਵੋਡਾ-IDEA ਪੱਬਾਂ ਭਾਰ, ਨੈੱਟਵਰਕ 'ਤੇ ਕੰਮ ਸ਼ੁਰੂ
Wednesday, Feb 20, 2019 - 03:21 PM (IST)

ਨਵੀਂ ਦਿੱਲੀ— ਹਾਈ ਸਪੀਡ ਤਕਨਾਲੋਜੀ 5ਜੀ ਨੂੰ ਲੈ ਕੇ ਵੋਡਾਫੋਨ-ਆਈਡੀਆ ਲਿਮਟਿਡ ਨੇ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ। ਦੂਰਸੰਚਾਰ ਉਪਕਰਣ ਬਣਾਉਣ ਵਾਲੀ ਸਵੀਡਨ ਦੀ ਕੰਪਨੀ ਐਰਿਕਸਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਵੋਡਾਫੋਨ ਆਈਡੀਆ ਨੈੱਟਵਰਕ 'ਤੇ 5ਜੀ ਸੇਵਾ ਉਪਲੱਬਧ ਕਰਵਾਉਣ 'ਚ ਇਸਤੇਮਾਲ ਹੋਣ ਵਾਲੇ ਸਿਸਟਮ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੈ।
ਸਵੀਡਨ ਦੀ ਕੰਪਨੀ ਨੇ ਕਿਹਾ ਕਿ ਇਸ ਸਿਸਟਮ ਦਾ ਇਸਤੇਮਾਲ ਫਿਲਹਾਲ 4ਜੀ ਸੇਵਾਵਾਂ ਲਈ ਕੀਤਾ ਜਾਵੇਗਾ। ਭਾਰਤ 'ਚ 5ਜੀ ਲਾਂਚ ਹੋਣ 'ਤੇ ਇਸ ਦਾ ਇਸਤੇਮਾਲ ਵੋਡਾ-ਆਈਡੀਆ ਵੱਲੋਂ ਦੇਸ਼ 'ਚ ਜਲਦ ਸੇਵਾਵਾਂ ਸ਼ੁਰੂ ਕਰਨ ਲਈ ਕੀਤਾ ਜਾ ਸਕੇਗਾ।
ਐਰਿਕਸਨ ਇੰਡੀਆ ਦੇ ਪ੍ਰਬੰਧਕ ਨਿਰਦੇਸ਼ ਨਿਤਿਨ ਬੰਸਲ ਨੇ ਕਿਹਾ ਕਿ ਅਸੀਂ ਵੋਡਾਫੋਨ ਤੇ ਆਈਡੀਆ ਦੋਹਾਂ ਨਾਲ ਰਣਨੀਤਕ ਸਾਂਝੇਦਾਰੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਤਕਨੀਕ ਨਾਲ ਵੋਡਾਫੋਨ ਆਈਡੀਆ ਲਿਮਟਿਡ ਨੂੰ 4ਜੀ ਐੱਲ. ਟੀ. ਈ. ਨੈੱਟਵਰਕ ਮਜਬੂਤ ਕਰਨ 'ਚ ਮਦਦ ਮਿਲੇਗੀ। ਇਸ ਨਾਲ ਗਾਹਕਾਂ ਨੂੰ ਮੋਬਾਇਲ ਇੰਟਰਨੈੱਟ ਅਤੇ ਕਾਲਿੰਗ ਸਰਵਿਸ ਦਾ ਬਿਹਤਰ ਤਜਰਬਾ ਮਿਲੇਗਾ। ਜ਼ਿਕਰਯੋਗ ਹੈ ਕਿ ਸਰਕਾਰ ਮੁਤਾਬਕ 5ਜੀ ਸਪੈਕਟ੍ਰਮ ਨਿਲਾਮੀ ਅਗਸਤ 2019 ਤਕ ਪੂਰੀ ਕਰ ਲਈ ਜਾਵੇਗੀ ਅਤੇ ਸਾਲ 2020 'ਚ 5ਜੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਇਸ ਤਹਿਤ ਟਰਾਇਲ ਇਸ ਸਾਲ ਹੀ ਸ਼ੁਰੂ ਹੋ ਜਾਣਗੇ।