ਹੁਣ ਪੀ. ਐੱਫ. ਖਾਤੇ ''ਚ ਦਿਸੇਗਾ ਈ. ਟੀ. ਐੱਫ. ''ਚ ਨਿਵੇਸ਼ ਦਾ ਹਿੱਸਾ

Friday, Nov 24, 2017 - 10:18 AM (IST)

ਨਵੀਂ ਦਿੱਲੀ— ਹੁਣ ਤੁਹਾਡੀ ਪੀ. ਐੱਫ. ਖਾਤੇ 'ਚ ਐਕਸਚੇਂਜ ਟ੍ਰੇਡਡ ਫੰਡ (ਈ. ਟੀ. ਐੱਫ.) 'ਚ ਨਿਵੇਸ਼ ਰਕਮ ਦਾ ਹਿੱਸਾ ਵੀ ਦਿਸੇਗਾ। ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਦੇ ਸੈਂਟਰਲ ਟਰੱਸਟੀਜ਼ ਬੋਰਡ ਦੀ ਬੈਠਕ 'ਚ ਇਹ ਫੈਸਲਾ ਹੋਇਆ ਹੈ। ਫਿਲਹਾਲ 4 ਫੀਸਦੀ ਰਕਮ ਈ. ਟੀ. ਐੱਫ. ਯੂਨਿਟ ਦੇ ਤੌਰ 'ਤੇ ਦਿਸੇਗੀ, ਜਦੋਂ ਕਿ ਬਾਕੀ ਰਕਮ ਕੈਸ਼ ਦੇ ਤੌਰ 'ਤੇ ਪੀ. ਐੱਫ. ਖਾਤੇ 'ਚ ਦਿਸੇਗੀ। ਤੁਹਾਨੂੰ ਦੱਸ ਦੇਈਏ ਕਿ ਈ. ਪੀ. ਐੱਫ. ਓ. ਤੁਹਾਡੇ ਫੰਡ ਦਾ 15 ਫੀਸਦੀ ਈ. ਟੀ. ਐੱਫ. ਜ਼ਰੀਏ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਦਾ ਹੈ। ਇਹੀ ਨਹੀਂ ਈ. ਪੀ. ਐੱਫ. ਓ. ਨੇ ਹੁਣ ਨਿੱਜੀ ਖੇਤਰ ਦੇ 'ਡਬਲ ਏ ਪਲਸ' ਬਾਂਡ 'ਚ ਵੀ ਨਿਵੇਸ਼ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਉਹ 'ਟ੍ਰਿਪਲ ਏ' ਰੇਟਿੰਗ ਵਾਲੇ ਬਾਂਡ 'ਚ ਹੀ ਨਿਵੇਸ਼ ਕਰਦਾ ਸੀ।

ਈ. ਪੀ. ਐੱਫ. ਓ. ਨੇ ਹੁਣ ਤਕ ਈ. ਟੀ. ਐੱਫ. 'ਚ 32,300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਬੈਠਕ 'ਚ ਈ. ਟੀ. ਐੱਫ. ਯੂਨਿਟ ਨੂੰ ਰਿਡੀਮ ਕਰਨਾ ਦਾ ਫਾਰਮੂਲਾ ਵੀ ਤੈਅ ਹੋਇਆ ਹੈ, ਜਿਸ ਮੁਤਾਬਕ ਸੇਵਾਮੁਕਤੀ ਜਾਂ ਪੀ. ਐੱਫ. ਖਾਤਾ ਬੰਦ ਕਰਨ 'ਤੇ ਈ. ਟੀ. ਐੱਫ. ਯੂਨਿਟ ਰਿਡੀਮ ਹੋ ਸਕੇਗਾ। ਕਿਰਤ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਪੈਨਸ਼ਨ ਹਿੱਸੇਦਾਰੀ ਵਧਾਉਣ ਨਾਲ ਜੁੜੇ ਵਿਵਾਦ ਨੂੰ ਲੈ ਕੇ 15 ਦਸੰਬਰ ਨੂੰ ਪੈਨਸ਼ਨਰਾਂ ਨਾਲ ਬੈਠਕ ਹੋਵੇਗੀ। ਵਿਆਜ ਦਰਾਂ 'ਤੇ ਫੈਸਲਾ ਅਗਲੀ ਬੈਠਕ 'ਚ ਸੰਭਵ ਹੈ।


Related News