ਜਲੰਧਰ 'ਚ ਕਰਵਾਈ ਗਈ ਸੀ. ਐੱਮ. ਦੀ ਯੋਗਸ਼ਾਲਾ, 21 ਹਜ਼ਾਰ ਤੋਂ ਵੱਧ ਯੋਗਾ ਪ੍ਰੇਮੀਆਂ ਨੇ ਲਿਆ ਹਿੱਸਾ
Thursday, Jun 19, 2025 - 01:23 PM (IST)

ਜਲੰਧਰ- ਜਲੰਧਰ ਵਿਚ ਪੀ. ਏ. ਪੀ. ਗਰਾਊਂਡ ਵਿਚ ਵੀਰਵਾਰ ਨੂੰ ਸੀ.ਐੱਮ. ਦੀ ਯੋਗਸ਼ਾਲਾ ਦੇ ਨਾਂ ਨਾਲ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ਵਿਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸ਼ਾਮਲ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਯੋਗਸ਼ਾਲਾ ਵਿਚ ਸ਼ਾਮਲ ਨਾ ਹੋ ਸਕੇ।
ਸੀ. ਐੱਮ. ਦੀ ਯੋਗਸ਼ਾਲਾ ਵਿਚ ਮੁੱਖ ਤੌਰ 'ਤੇ ਮੰਤਰੀ ਬਲਬੀਰ ਸਿੰਘ ਸ਼ਾਮਲ ਹੋਏ। ਇਸ ਦੌਰਾਨ ਕਈ ਵਿਧਾਇਕ ਅਤੇ ਹਲਕਾ ਇੰਚਾਰਜ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਯੋਗਾ ਕੀਤਾ। ਉਕਤ ਪ੍ਰੋਗਰਾਮ ਨੂੰ ਸੀ.ਐੱਮ. ਦੀ ਯੋਗਸ਼ਾਲਾ ਨਾਮ ਦਿੱਤਾ ਗਿਆ ਸੀ। ਉਕਤ ਯੋਗਸ਼ਾਲਾ ਵਿਚ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਅਤੇ ਪਾਰਟੀ ਦੇ ਅਧਿਕਾਰੀ ਵੀ ਸ਼ਾਮਲ ਹੋਏ। ਇਸ ਦੌਰਾਨ ਕਰੀਬ 21 ਹਜ਼ਾਰ ਤੋਂ ਵਧੇਰੇ ਯੋਗਾ ਪ੍ਰੇਮੀਆਂ ਨੇ ਸੀ.ਐੱਮ. ਦੀ ਯੋਗਸ਼ਾਲਾ ਵਿਚ ਹਿੱਸਾ ਲਿਆ। ਯੋਗ ਸਬੰਧੀ ਇਕ ਹੀ ਪ੍ਰੋਗਰਾਮ ਵਿੱਚ ਲੋਕਾਂ ਦੀ ਮੌਜੂਦਗੀ ਦਾ ਇੱਕ ਨਵਾਂ ਰਿਕਾਰਡ ਹੈ। ਸਮਾਗਮ ਵਿੱਚ 17,000 ਯੋਗ ਮੈਟਸ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਲੋਕਾਂ ਦੇ ਭਰਵੇਂ ਹੁੰਗਾਰੇ ਸਦਕਾ ਜਨਤਕ ਸ਼ਮੂਲੀਅਤ ਦਾ ਅੰਕੜਾ ਸਭ ਦੀਆਂ ਉਮੀਦਾਂ ਨੂੰ ਪਾਰ ਕਰ ਗਿਆ। ਸਿਹਤਮੰਦ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀਰਵਾਰ ਨੂੰ ਲੋਕਾਂ ਨੂੰ ਯੋਗ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਇਆ ਸਿਰ
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪ੍ਰੋਗਰਾਮ ਅੱਜ ਸਵੇਰੇ ਲਗਭਗ 5.15 ਵਜੇ ਪੀ. ਏ. ਪੀ. ਜਲੰਧਰ ਵਿਖੇ ਸ਼ੁਰੂ ਕੀਤਾ ਗਿਆ। ਪਹਿਲਾਂ ਸਟੇਜ 'ਤੇ ਮੌਜੂਦ ਲੋਕਾਂ ਅਤੇ ਬੱਚਿਆਂ ਨੂੰ ਯੋਗਾ ਬਾਰੇ ਸਮਝਾਇਆ ਗਿਆ ਅਤੇ ਫਿਰ ਸਾਰੇ ਯੋਗਾ ਅਧਿਆਪਕਾਂ ਨੂੰ ਸਟੇਜ 'ਤੇ ਬੁਲਾਇਆ ਗਿਆ ਅਤੇ ਲੋਕਾਂ ਨੂੰ ਯੋਗਾ ਸ਼ੁਰੂ ਕਰਵਾਇਆ ਗਿਆ।
ਇਹ ਵੀ ਪੜ੍ਹੋ: ਮੇਲੇ 'ਚ ਸੇਵਾ ਕਰਨ ਗਿਆ ਪੁੱਤਰ ਨਾ ਮੁੜਿਆ ਘਰ, ਹੁਣ ਇਸ ਹਾਲ 'ਚ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
ਪੀ. ਏ. ਪੀ. ਗਰਾਊਂਡ ਵਿਚ ਹਜ਼ਾਰਾਂ ਲੋਕ ਯੋਗਾ ਕਰਨ ਲਈ ਇਕੱਠੇ ਹੋਏ ਸਨ। ਯੋਗਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਤੋਂ ਇੰਚਾਰਜ ਅਤੇ ਕਾਰੋਬਾਰੀ ਨਿਤਿਨ ਕੋਹਲੀ ਨੇ ਯੋਗਾ ਕਰਨ ਆਏ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਯੋਗਾ ਦੀ ਮਹੱਤਤਾ ਬਾਰੇ ਦੱਸਿਆ। ਯੋਗਾ ਦੌਰਾਨ ਹਰ ਪਾਸੇ ਸਖ਼ਤ ਪੁਲਸ ਚੌਕਸੀ ਸੀ।
ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਵਿਸ਼ਾਲ ਸਮਾਗਮ ਵਿੱਚ ਹਰ ਵਰਗ ਦੇ ਲੋਕਾਂ ਨੂੰ ਉਤਸ਼ਾਹ ਨਾਲ ਹਿੱਸਾ ਲੈਂਦੇ ਦੇਖਣਾ ਬਹੁਤ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ 'ਸੀ. ਐੱਮ. ਦੀ ਯੋਗਸ਼ਾਲਾ' ਸਿਹਤਮੰਦ ਅਤੇ ਵਧੇਰੇ ਊਰਜਾਵਾਨ ਪੰਜਾਬ ਦੇ ਨਿਰਮਾਣ ਦੀ ਦਿਸ਼ਾ ਵਿੱਚ ਇਕ ਕਦਮ ਹੈ। ਡਾ. ਬਲਬੀਰ ਸਿੰਘ ਨੇ ਇਸ ਗੱਲ 'ਤੇ ਮਾਣ ਪ੍ਰਗਟ ਕੀਤਾ ਕਿ ਹਜ਼ਾਰਾਂ ਪੰਜਾਬੀ ਇਸ ਨੇਕ ਕਾਰਜ ਵਿੱਚ ਸੂਬਾ ਸਰਕਾਰ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਇਕ ਸਿਹਤਮੰਦ ਅਤੇ ਰੰਗਲੇ ਪੰਜਾਬ ਵਜੋਂ ਆਪਣੀ ਪੁਰਾਣੀ ਸ਼ਾਨ ਮੁੜ ਹਾਸਲ ਕਰੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕੀਤਾ ਕਤਲ
ਡਾ. ਬਲਬੀਰ ਸਿੰਘ, ਜਿਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਮੌਜੂਦ ਸਨ, ਨੇ ਕਿਹਾ ਕਿ ਉਨ੍ਹਾਂ ਨੂੰ ਸੀ. ਐੱਮ. ਦੀ ਯੋਗਸ਼ਾਲਾ ਦੇ ਮਾਧਿਅਮ ਨਾਲ ਹਜ਼ਾਰਾਂ ਲੋਕਾਂ ਨੂੰ ਸਰਕਾਰ ਨਾਲ ਜੁੜਦੇ ਵੇਖ ਕੇ ਬਹੁਤ ਖ਼ੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਦੋ ਸਾਲ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਜਲੰਧਰ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਮੌਜੂਦਾ ਸਮੇਂ ਸੂਬੇ ਭਰ ਵਿੱਚ ਰੋਜ਼ਾਨਾ ਲਗਭਗ 3,200 ਯੋਗਾ ਕਲਾਸਾਂ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ ਰਾਹੀਂ ਕਰੀਬ ਇਕ ਲੱਖ ਲੋਕ ਲਾਭ ਪ੍ਰਾਪਤ ਕਰ ਰਹੇ ਹਨ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਯੋਗ ਸਿਖਾਉਣ ਲਈ ਸਿਖ਼ਲਾਈ ਪ੍ਰਾਪਤ ਯੋਗਾ ਇੰਸਟ੍ਰਕਟਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਲਈ ਸਭ ਨੂੰ ਤੰਦਰੁਸਤ ਅਤੇ ਫਿੱਟ ਰਹਿਣ ਲਈ ਯੋਗ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ।
ਯੋਗ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵਰਦਾਨ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਿਹਤਮੰਦ ਜੀਵਨ ਜਿਊਣ ਵਿੱਚ ਮਦਦ ਕਰ ਰਹੀਆਂ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਚੰਗੀ ਸਿਹਤ ਬਣਾਈ ਰੱਖਣਾ ਅਤੇ ਤਣਾਅ ਮੁਕਤ ਰਹਿਣਾ ਸਮੇਂ ਦੀ ਲੋੜ ਹੈ, ਖਾਸ ਕਰ ਉਦੋਂ ਜਦੋਂ ਲੋਕ ਆਪਣੇ ਰੋਜ਼ਾਨਾ ਜੀਵਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਤਣਾਅ ਦਾ ਵਧਦਾ ਪੱਧਰ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਯੋਗ ਇਸ ਸਮੱਸਿਆ ਨਾਲ ਨਜਿੱਠਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਅ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16 ਜ਼ਿਲ੍ਹਿਆਂ ਲਈ Alert
ਸਿਹਤ ਮੰਤਰੀ ਨੇ ਕਿਹਾ ਕਿ ਸੀ. ਐੱਮ. ਦੀ ਯੋਗਸ਼ਾਲਾ ਅਭਿਆਨ ਦਿੱਲੀ ਦੇ ਮੁੱਖ ਮੰਤਰੀ ਹੁੰਦਿਆਂ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੇ ਕੌਮੀ ਰਾਜਧਾਨੀ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ, ਜਿਸ ਨਾਲ ਆਬਾਦੀ ਦੇ ਵੱਡੇ ਹਿੱਸੇ ਨੂੰ ਲਾਭ ਪ੍ਰਾਪਤ ਹੋਇਆ। ਇਸ ਦੀ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਵੀ ਇਸੇ ਤਰ੍ਹਾਂ ਦੇ ਲਾਭ ਯਕੀਨੀ ਬਣਾਉਣ ਲਈ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ। ਡਾ. ਬਲਬੀਰ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਭਾਰਤ ਦੀਆਂ ਪ੍ਰਾਚੀਨ ਅਤੇ ਸ਼ਾਨਦਾਰ ਰਿਵਾਇਤਾਂ ਅਨੁਸਾਰ ਇਹ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈਆਂ ਸਖ਼ਤ ਪਾਬੰਦੀਆਂ, ਨਵੇਂ ਹੁਕਮ ਹੋ ਗਏ ਜਾਰੀ
ਸਿਹਤ ਮੰਤਰੀ ਨੇ ਕਿਹਾ ਕਿ ਸਰੀਰ ਅਤੇ ਮਨ ਦੀ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਹਰੇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਡਾ. ਬਲਬੀਰ ਸਿੰਘ ਨੇ ਅਖੀਰ ਵਿੱਚ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਅਤੇ ਨਿਯਮਿਤ ਤੌਰ 'ਤੇ ਯੋਗ ਅਭਿਆਸ ਕਰਕੇ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।
ਸਮਾਗਮ ਦੌਰਾਨ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਸੀ. ਐੱਮ. ਦੀ ਯੋਗਸ਼ਾਲਾ ਪ੍ਰੋਗਰਾਮ ਦਾ ਪੇਂਡੂ ਖੇਤਰਾਂ ਵਿੱਚ ਜਲਦ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਵਿੱਚ ਵੀ ਕਾਰਗਰ ਸਾਬਤ ਹੋਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਯੋਗਾ ਰਾਹੀਂ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਇਸ ਅਲਾਮਤ ਤੋਂ ਨਿਜਾਤ ਦਿਵਾਉਣ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਜਲੰਧਰ ਦੇ ਮੇਅਰ ਵਨੀਤ ਧੀਰ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਜਦਕਿ ਉੱਘੇ ਉਦਯੋਗਪਤੀ ਅਤੇ 'ਆਪ' ਆਗੂ ਨਿਤਿਨ ਕੋਹਲੀ ਨੇ ਧੰਨਵਾਦ ਕੀਤਾ। ਇਸ ਮੌਕੇ ਮੇਅਰ ਜਲੰਧਰ ਵਨੀਤ ਧੀਰ, ਆਪ ਆਗੂ ਨਿਤਿਨ ਕੋਹਲੀ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ, ਸਿਹਤ ਸਕੱਤਰ ਕੁਮਾਰ ਰਾਹੁਲ, ਵਾਈਸ ਚਾਂਸਲਰ ਸ੍ਰੀ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਸੰਜੀਵ ਸੂਦ, ਡਾਇਰੈਕਟਰ ਰਜਿੰਦਰ ਸਿੰਘ ਰਿਹਾਲ, ਵਧੀਕ ਡਾਇਰੈਕਟਰ ਜਨਰਲ ਪੁਲਿਸ ਸਟੇਟ ਆਰਮਡ ਪੁਲਸ ਜਲੰਧਰ ਐੱਮ. ਐੱਫ਼. ਫਾਰੂਕੀ, ਏ. ਡੀ. ਜੀ. ਪੀ. ਨਰੇਸ਼ ਅਰੋੜਾ, ਡੀ. ਆਈ. ਜੀ. ਨਵੀਨ ਸਿੰਗਲਾ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ: Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ ਮੁਕੰਮਲ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e