ਮਈ ਦੇ ਅਖ਼ੀਰ ਤੱਕ 78 ਦੇ ਪੱਧਰ 'ਤੇ ਜਾ ਸਕਦਾ ਹੈ ਭਾਰਤੀ ਰੁਪਿਆ
Tuesday, May 10, 2022 - 06:14 PM (IST)
ਮੁੰਬਈ - ਫੈਡਰਲ ਰਿਜ਼ਰਵ ਵੱਲੋਂ ਸਾਵਧਾਨ ਰਵੱਈਏ 'ਤੇ ਗਲੋਬਲ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਰੁਪਿਆ ਅੱਜ 77 ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਕੇ 77.46 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਕ ਅਖ਼ਬਾਰ ਦੇ ਸਰਵੇਖਣ 'ਚ ਹਿੱਸਾ ਲੈਣ ਵਾਲਿਆਂ 'ਚੋਂ ਜ਼ਿਆਦਾਤਰ ਨੇ ਕਿਹਾ ਕਿ ਰੁਪਿਆ ਨੇੜੇ ਦੀ ਮਿਆਦ 'ਚ ਦਬਾਅ 'ਚ ਰਹਿ ਸਕਦਾ ਹੈ ਅਤੇ ਮਹੀਨੇ ਦੇ ਅੰਤ ਤੱਕ 78 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਆ ਸਕਦਾ ਹੈ। ਸ਼ੁੱਕਰਵਾਰ ਨੂੰ ਰੁਪਿਆ 76.92 'ਤੇ ਬੰਦ ਹੋਇਆ ਸੀ।
ਮੇਕਲਾਈ ਫਾਈਨੈਂਸ਼ੀਅਲ ਸਰਵਿਸਿਜ਼ ਦੇ ਉਪ-ਪ੍ਰਧਾਨ (ਜੋਖਮ ਸਲਾਹਕਾਰ) ਇਮਰਾਨ ਕਾਜ਼ੀ ਨੇ ਕਿਹਾ: "ਯੂਐਸ ਬਾਂਡ ਯੀਲਡ ਵਿੱਚ ਤੇਜ਼ੀ ਕਾਰਨ ਰੁਪਏ ਅਤੇ ਹੋਰ ਉਭਰਦੀਆਂ ਬਾਜ਼ਾਰ ਮੁਦਰਾਵਾਂ 'ਤੇ ਜੋਖਮ ਬਣਿਆ ਹੋਇਆ ਹੈ। 76.50 ਤੋਂ 76.75 ਦੀ ਰੇਂਜ 'ਚ ਕੁਝ ਸਮਾਂ ਰਹਿਣ ਤੋਂ ਬਾਅਦ ਆਖਰਕਾਰ ਰੁਪਿਆ 77 ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ।
ਮੇਕਲਾਈ ਮੁਤਾਬਕ ਮਹੀਨੇ ਦੇ ਅੰਤ ਤੱਕ ਰੁਪਿਆ ਡਾਲਰ ਦੇ ਮੁਕਾਬਲੇ 78.50 ਦੇ ਪੱਧਰ ਤੱਕ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ : WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ 512 ਮੈਂਬਰ ਗਰੁੱਪ ਅਤੇ 2GB ਫਾਈਲ ਸ਼ੇਅਰਿੰਗ ਸਮੇਤ ਮਿਲਣਗੇ ਇਹ ਫ਼ੀਚਰ
ਕਰੰਸੀ ਡੀਲਰਾਂ ਦਾ ਕਹਿਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਮੁਦਰਾ ਬਾਜ਼ਾਰ ਵਿੱਚ ਦਖਲ ਦਿੱਤਾ ਪਰ ਉਸਦਾ ਇਰਾਦਾ ਗਿਰਾਵਟ ਨੂੰ ਘੱਟ ਕਰਨਾ ਸੀ ਨਾ ਕਿ ਆਪਣੇ ਰੁਖ ਨੂੰ ਬਦਲਣਾ। ਰਿਜ਼ਰਵ ਬੈਂਕ ਨੇ ਮੁਦਰਾ ਬਾਜ਼ਾਰ ਵਿੱਚ ਬਹੁਤ ਸਾਰੇ ਡਾਲਰ ਵੇਚੇ ਹਨ, ਜਿਸ ਨਾਲ 3 ਸਤੰਬਰ, 2021 ਨੂੰ ਫੋਰੈਕਸ ਰਿਜ਼ਰਵ 642 ਅਰਬ ਡਾਲਰ ਤੋਂ 45 ਅਰਬ ਡਾਲਰ ਘੱਟ ਗਿਆ ਹੈ। ਮੌਜੂਦਾ ਅਨਿਸ਼ਚਿਤਤਾ ਨੂੰ ਦੇਖਦੇ ਹੋਏ, ਆਰਬੀਆਈ ਵਿਦੇਸ਼ੀ ਮੁਦਰਾ ਭੰਡਾਰ ਨੂੰ 600 ਅਰਬ ਡਾਲਰ 'ਤੇ ਬਰਕਰਾਰ ਰੱਖਣਾ ਚਾਹੁੰਦਾ ਹੈ।
ਜਦੋਂਕਿ 29 ਅਪ੍ਰੈਲ ਨੂੰ ਖਤਮ ਹੋਏ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ 598 ਅਰਬ ਡਾਲਰ 'ਤੇ ਆ ਗਿਆ। ਫਿਨਰੇਕਸ ਟ੍ਰੇਜ਼ਰੀ ਐਡਵਾਈਜ਼ਰਜ਼ ਦੇ ਖਜ਼ਾਨਾ ਮੁਖੀ ਅਨਿਲ ਕੁਮਾਰ ਭੰਸਾਲੀ ਨੇ ਕਿਹਾ, “ਕੇਂਦਰੀ ਬੈਂਕਾਂ ਦੁਆਰਾ ਮੁਦਰਾ ਨੀਤੀ ਨੂੰ ਸਖਤ ਕਰਨ ਕਾਰਨ ਰੁਪਏ ਵਿੱਚ ਗਿਰਾਵਟ ਦਾ ਖਤਰਾ ਹੈ। ਰਿਜ਼ਰਵ ਬੈਂਕ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ 600 ਅਰਬ ਡਾਲਰ ਤੋਂ ਹੇਠਾਂ ਆ ਗਿਆ ਹੈ। ਹਾਲਾਂਕਿ ਵਿਦੇਸ਼ੀ ਮੁਦਰਾ ਭੰਡਾਰ ਅਜੇ ਵੀ 12 ਮਹੀਨਿਆਂ ਦੇ ਆਯਾਤ ਲਈ ਕਾਫੀ ਹੈ, ਇਹ ਤੇਜ਼ੀ ਨਾਲ ਘਟ ਸਕਦਾ ਹੈ। ਇਸ ਲਈ ਰਿਜ਼ਰਵ ਬੈਂਕ ਮੁਦਰਾ ਬਾਜ਼ਾਰ ਵਿੱਚ ਸੰਜਮ ਨਾਲ ਦਖਲ ਦੇ ਰਿਹਾ ਹੈ।
ਜੂਨ ਦੇ ਅੰਤ ਤੱਕ ਰੁਪਿਆ 79 ਦੇ ਪੱਧਰ 'ਤੇ ਆ ਸਕਦਾ ਹੈ। ਭੰਸਾਲੀ ਮੁਤਾਬਕ ਮਈ ਦੇ ਅੰਤ 'ਚ ਰੁਪਿਆ ਡਾਲਰ ਦੇ ਮੁਕਾਬਲੇ 78.20 ਤੱਕ ਪਹੁੰਚ ਸਕਦਾ ਹੈ।
ਕੋਟਕ ਮਹਿੰਦਰਾ ਬੈਂਕ ਦੇ ਸੀਨੀਅਰ ਅਰਥ ਸ਼ਾਸਤਰੀ ਉਪਾਸਨਾ ਭਾਰਦਵਾਜ ਨੇ ਕਿਹਾ, "ਰਿਜ਼ਰਵ ਬੈਂਕ ਵੱਲੋਂ ਪਿਛਲੇ ਹਫ਼ਤੇ ਰੇਪੋ ਦਰ ਵਿੱਚ ਵਾਧੇ ਤੋਂ ਬਾਅਦ ਰੁਪਿਆ ਪਿਛਲੇ ਹਫ਼ਤੇ ਦੇ 75.99 ਦੇ ਪੱਧਰ ਤੋਂ ਲਗਭਗ 2 ਪ੍ਰਤੀਸ਼ਤ ਵੱਧ ਕੇ 77.50 'ਤੇ ਕਾਰੋਬਾਰ ਕਰ ਰਿਹਾ ਹੈ।" ਉਨ੍ਹਾਂ ਕਿਹਾ ਕਿ ਅਨਿਸ਼ਚਿਤਤਾ ਅਤੇ ਆਰਬੀਆਈ ਦੀ ਸੀਮਤ ਦਖਲਅੰਦਾਜ਼ੀ ਕਾਰਨ ਆਉਣ ਵਾਲੇ ਸਮੇਂ 'ਚ ਰੁਪਿਆ 78 ਦੇ ਪੱਧਰ 'ਤੇ ਆ ਸਕਦਾ ਹੈ।
ਇਹ ਵੀ ਪੜ੍ਹੋ : ਕ੍ਰਿਪਟੋ ਮਾਰਕੀਟ 'ਚ ਗਿਰਾਵਟ, ਬਿਟਕੁਆਇਨ-ਈਥਰੀਅਮ ਸਮੇਤ ਟਾਪ-10 ਮੁਦਰਾ ਹੋਈਆਂ ਢਹਿ ਢੇਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟਾ ਬਾਕਸ ਵਿਚ ਜ਼ਰੂਰ ਸਾਂਝੇ ਕਰੋ।