ਪੰਜ ਸੂਬਿਆਂ ''ਚ 15 ਅਪ੍ਰੈਲ ਤੋਂ ਲਾਗੂ ਹੋਵੇਗਾ ਈ-ਵੇਅ ਬਿੱਲ

Tuesday, Apr 10, 2018 - 01:25 PM (IST)

ਨਵੀਂ ਦਿੱਲੀ— 15 ਅਪ੍ਰੈਲ ਤੋਂ ਦੇਸ਼ ਦੇ ਪੰਜ ਸੂਬੇ ਆਂਧਰਾ ਪ੍ਰਦੇਸ਼, ਗੁਜਰਾਤ, ਕੇਰਲ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ 'ਚ ਸੂਬਾ ਪੱਧਰੀ (ਇੰਟਰਾ-ਸਟੇਟ) ਈ-ਵੇਅ ਬਿੱਲ ਲਾਗੂ ਹੋ ਜਾਵੇਗਾ। ਹੁਣ ਤਕ ਇੰਟਰਾ-ਸਟੇਟ ਇਲੈਕਟ੍ਰਾਨਿਕ ਬਿੱਲ ਸਿਸਟਮ ਸਿਰਫ ਕਰਨਾਟਕ 'ਚ ਲਾਗੂ ਸੀ। ਜ਼ਿਕਰਯੋਗ ਹੈ ਕਿ ਪੂਰੇ ਦੇਸ਼ 'ਚ ਈ-ਵੇਅ ਬਿੱਲ ਸਿਸਟਮ 1 ਅਪ੍ਰੈਲ ਤੋਂ ਲਾਗੂ ਹੋ ਚੁੱਕਾ ਹੈ, ਜਿਸ ਤਹਿਤ ਇੰਟਰ ਸਟੇਟ ਅਤੇ ਇੰਟਰਾ ਸਟੇਟ ਦੋ ਤਰ੍ਹਾਂ ਦੇ ਮਾਡਲ ਹਨ। ਸਰਕਾਰ ਮੁਤਾਬਕ, ਇਨ੍ਹਾਂ ਪੰਜ ਸੂਬਿਆਂ 'ਚ ਈ-ਵੇਅ ਬਿੱਲ ਸਿਸਟਮ ਸ਼ੁਰੂ ਹੋਣ ਨਾਲ ਵਪਾਰ ਅਤੇ ਇੰਡਸਟਰੀ ਦੇ ਮੋਰਚੇ 'ਤੇ ਆਸਾਨੀ ਹੋਣ ਦੀ ਉਮੀਦ ਹੈ। ਇਨ੍ਹਾਂ ਸੂਬਿਆਂ 'ਚ ਈ-ਵੇਅ ਬਿੱਲ ਤਹਿਤ ਰਜਿਸਟਰੇਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ।

ਕੀ ਹੈ ਈ-ਵੇਅ ਬਿੱਲ ਸਿਸਟਮ?
ਈ-ਵੇਅ ਬਿੱਲ ਪੂਰੀ ਤਰ੍ਹਾਂ ਨਾਲ ਆਨਲਾਈਨ ਸਿਸਟਮ ਹੈ। ਇਸ 'ਚ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਸਾਮਾਨ ਟਰਾਂਸਪੋਰਟ ਕਰਨ ਵਾਲੇ ਟਰਾਂਸਪੋਰਟਰਾਂ ਨੂੰ ਆਨਲਾਈਨ ਈ-ਵੇਅ ਬਿੱਲ ਬਣਾਉਣਾ ਹੁੰਦਾ ਹੈ। ਇਹ 1 ਤੋਂ 15 ਦਿਨ ਤਕ ਦਾ ਹੁੰਦਾ ਹੈ। ਵੈਲਡਿਟੀ ਪ੍ਰਾਡਕਟ ਲਿਜਾਣ ਦੀ ਦੂਰੀ ਦੇ ਆਧਾਰ 'ਤੇ ਤੈਅ ਹੁੰਦੀ ਹੈ। ਜਿਵੇਂ ਕਿ 100 ਕਿਲੋਮੀਟਰ ਤਕ ਦੀ ਦੂਰੀ ਲਈ 1 ਦਿਨ ਦਾ ਈ-ਵੇਅ ਬਿੱਲ ਬਣੇਗਾ, ਜਦੋਂ ਕਿ 1,000 ਕਿਲੋਮੀਟਰ ਤੋਂ ਵਧ ਦੀ ਦੂਰੀ ਲਈ 15 ਦਿਨ ਦਾ ਈ-ਵੇਅ ਬਿੱਲ ਬਣੇਗਾ। ਸਰਕਾਰ ਦਾ ਦਾਅਵਾ ਹੈ ਕਿ ਈ-ਵੇਅ ਬਿੱਲ ਸਿਸਟਮ ਨਾਲ ਦੇਸ਼ 'ਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਾਮਾਨ ਦੀ ਆਵਾਜਾਈ ਬਹੁਤ ਆਸਾਨ ਹੋ ਜਾਵੇਗੀ, ਨਾਲ ਹੀ ਚੂੰਗੀ ਨਾਕਿਆਂ 'ਤੇ ਟਰੱਕਾਂ ਅਤੇ ਸਾਮਾਨ ਲਿਜਾਣ ਵਾਲੇ ਵਾਹਨਾਂ ਦੀ ਕਤਾਰ ਵੀ ਖਤਮ ਹੋ ਜਾਵੇਗੀ।


Related News