ਵਿੱਤੀ ਸਾਲ 2025 ਤੱਕ ਨਵੀਂ ਬੱਸ ਵਿਕਰੀ ’ਚ ਈ-ਬੱਸਾਂ ਦੀ ਹਿੱਸੇਦਾਰੀ 11-13 ਫ਼ੀਸਦੀ ਹੋਣ ਦੀ ਉਮੀਦ
Monday, Nov 27, 2023 - 06:52 PM (IST)
ਨਵੀਂ ਦਿੱਲੀ (ਭਾਸ਼ਾ)– ਵਿੱਤੀ ਸਾਲ 2025 ਤੱਕ ਨਵੀਂ ਬੱਸ ਵਿਕਰੀ ’ਚ ਇਲੈਕਟ੍ਰਿਕ ਬੱਸਾਂ ਦੀ ਹਿੱਸੇਦਾਰੀ 13 ਫ਼ੀਸਦੀ ਤੱਕ ਹੋਣ ਦੀ ਉਮੀਦ ਹੈ। ਇਸ ਗੱਲ ਦੀ ਜਾਣਕਾਰੀ ਰੇਟਿੰਗ ਏਜੰਸੀ ਇਕਰਾ ਵਲੋਂ ਦਿੱਤੀ ਗਈ ਹੈ। ਇਕਰਾ ਮੁਤਾਬਕ ਕਈ ਸੂਬੇ ਇਲੈਕਟ੍ਰਿਕ ਵਾਹਨ (ਈ. ਵੀ.) ਨੀਤੀਆਂ ’ਚ ਈ-ਬੱਸ ਅਪਣਾਉਣ ਲਈ ਵਿਸ਼ੇਸ਼ ਟੀਚੇ ਅਤੇ ਸਮਾਂ ਹੱਦ ਦਾ ਐਲਾਨ ਕੀਤਾ ਹੈ। ਬਿਜਲੀਕਰਨ ਲਈ ਇਕ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ। ਏਜੰਸੀ ਨੇ ਕਿਹਾ ਕਿ ਰਵਾਇਤੀ ਡੀਜ਼ਲ ਬੱਸਾਂ ਦੀ ਤੁਲਣਾ ’ਚ ਅਹਿਮ ਸੰਚਾਲਨ ਬੱਚਤ ਨਾਲ ਉਸ ਨੂੰ ਉਮੀਦ ਹੈ ਕਿ ਈ-ਬੱਸਾਂ ਦੀ ਮੰਗ ’ਚ ਵਾਧਾ ਜਾਰੀ ਰਹੇਗਾ।
ਇਸ ਦੇ ਨਾਲ ਹੀ ਰਿਪੋਰਟ ’ਚ ਕਿਹਾ ਗਿਆ ਕਿ ਇਕਰਾ ਨੂੰ ਉਮੀਦ ਹੈ ਕਿ ਇਲੈਕਟ੍ਰਿਕ ਬੱਸਾਂ ਭਾਰਤ ਦੀ ਬਿਜਲੀਕਰਨ ਮੁਹਿੰਮ ’ਚ ਸਭ ਤੋਂ ਅੱਗੇ ਰਹਿਣਗੀਆਂ। ਇਕਰਾ ਦਾ ਅਨੁਮਾਨ ਹੈ ਕਿ ਵਿੱਤੀ ਸਾਲ 2025 ਤੱਕ ਨਵੀਂ ਬੱਸ ਵਿਕਰੀ ਵਿਚ ਈ-ਬੱਸਾਂ ਦੀ ਹਿੱਸੇਦਾਰੀ 11-13 ਫ਼ੀਸਦੀ ਹੋਵੇਗੀ। ਰਿਪੋਰਟ ਮੁਤਾਬਕ ਸਰਕਾਰੀ ਸਬਸਿਡੀ ਅਤੇ ਵਿਕਸਿਤ ਹੋ ਰਹੀ ਤਕਨਾਲੋਜੀ ਈ-ਬੱਸਾਂ ਵਿਚ ਸ਼ਾਮਲ ਪੂੰਜੀਗਤ ਲਾਗਤ ਨੂੰ ਹੋਰ ਘੱਟ ਕਰਨ ’ਚ ਭੂਮਿਕਾ ਨਿਭਾ ਸਕਦੀ ਹੈ।