ਵਿਸ਼ਵ ਬੈਂਕ ਦੀ ਚਿਤਾਵਨੀ ਕਾਰਨ ਸ਼ੇਅਰ ਬਾਜ਼ਾਰ ''ਚ ਆਇਆ ਭੂਚਾਲ, ਸੈਂਸੈਕਸ 1090 ਅੰਕਾਂ ਤੋਂ ਵੱਧ ਡਿੱਗਿਆ
Friday, Sep 16, 2022 - 04:39 PM (IST)
ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਵਿਚ ਪੰਜਵੇਂ ਆਖ਼ਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਭਾਰਤੀ ਸਟਾਕ ਮਾਰਕੀਟ ਦੇ ਪ੍ਰਮੁੱਖ ਸੂਚਕਾਂਕ, ਸੈਂਸੈਕਸ ਅਤੇ ਨਿਫਟੀ, ਵਿਸ਼ਵ ਅਰਥਵਿਵਸਥਾ ਵਿੱਚ ਮੰਦੀ ਦੇ ਡਰ ਦੇ ਵਿਚਕਾਰ ਗਲੋਬਲ ਸ਼ੇਅਰਾਂ ਵਿੱਚ ਕਮਜ਼ੋਰੀ ਨੂੰ ਟਰੈਕ ਕਰਦੇ ਹੋਏ ਸ਼ੁੱਕਰਵਾਰ ਨੂੰ ਲਗਭਗ 2 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ। ਵਿਸ਼ਵ ਬੈਂਕ ਦੀ ਚਿਤਾਵਨੀ ਕਾਰਨ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਆਈ ਸੈਂਸੈਕਸ 1090 ਅੰਕਾਂ ਤੋਂ ਵੱਧ ਡਿੱਗਿਆ ਅਤੇ ਨਿਫਟੀ ਵੀ 345 ਅੰਕਾਂ ਤੋਂ ਵਧ ਟੁੱਟ ਕੇ ਬੰਦ ਹੋਇਆ ਹੈ।
ਕਮਜ਼ੋਰ ਗਲੋਬਲ ਰੁਝਾਨ ਦੇ ਵਿਚਕਾਰ ਸ਼ੁੱਕਰਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,093 ਅੰਕ ਡਿੱਗਿਆ, ਜਦੋਂ ਕਿ ਨਿਫਟੀ 'ਚ ਵੀ 347 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਅਰਥਵਿਵਸਥਾ 'ਚ ਮੰਦੀ ਦੇ ਡਰ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਭਾਰੀ ਵਿਕਰੀ ਨੇ ਵੀ ਬਾਜ਼ਾਰ ਦੀ ਧਾਰਨਾ 'ਤੇ ਭਾਰ ਪਾਇਆ। ਸੈਂਸੈਕਸ ਨੇ ਲਗਾਤਾਰ ਤੀਜੇ ਦਿਨ ਆਪਣੀ ਗਿਰਾਵਟ ਜਾਰੀ ਰੱਖੀ ਅਤੇ 1,093.22 ਅੰਕ ਜਾਂ 1.82 ਫੀਸਦੀ ਦੀ ਗਿਰਾਵਟ ਨਾਲ 58,840.79 'ਤੇ ਬੰਦ ਹੋਇਆ।
ਕਾਰੋਬਾਰ ਦੌਰਾਨ ਸੈਂਸੈਕਸ 1,246.84 ਅੰਕ ਤੱਕ ਡਿੱਗ ਗਿਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 346.55 ਅੰਕ ਭਾਵ 1.94 ਫੀਸਦੀ ਦੀ ਗਿਰਾਵਟ ਨਾਲ 17,530.85 'ਤੇ ਬੰਦ ਹੋਇਆ।
ਟਾਪ ਲੂਜ਼ਰਜ਼
ਟੈਕ ਮਹਿੰਦਰਾ , ਅਲਟਰਾਟੈੱਕ ਸੀਮੈਂਟ, ਇੰਫੋਸਿਸ, ਮਹਿੰਦਰਾ ਐਂਡ ਮਹਿੰਦਰਾ, ਵਿਪਰੋ, ਟੀਸੀਐਸ, ਨੇਸਲੇ , ਰਿਲਾਇੰਸ ਇੰਡਸਟਰੀਜ਼
ਟਾਪ ਗੇਨਰਜ਼
ਇੰਡਸਇੰਡ ਬੈਂਕ
ਗਲੋਬਲ ਬਾਜ਼ਾਰਾਂ ਦਾ ਹਾਲ
ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਹਾਂਗਕਾਂਗ ਦਾ ਹੈਂਗ ਸੇਂਗ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਘਾਟੇ 'ਚ ਬੰਦ ਹੋਇਆ। ਇਸ ਦੇ ਨਾਲ ਹੀ ਯੂਰਪ ਦੇ ਜ਼ਿਆਦਾਤਰ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਘਾਟੇ ਨਾਲ ਬੰਦ ਹੋਇਆ। ਇਸ ਦੌਰਾਨ, ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 0.32 ਫੀਸਦੀ ਵਧ ਕੇ 91.13 ਡਾਲਰ ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 1,270 .68 ਕਰੋੜ ਰੁਪਏ ਦੇ ਸ਼ੇਅਰ ਵੇਚੇ।