ਇਸ ਸਾਲ ਸੋਕੇ ਦਾ ਡਰ ਨਹੀਂ, ਮਾਨਸੂਨ ਦੌਰਾਨ ਹੋਵੇਗੀ 100 ਫੀਸਦੀ ਬਾਰਿਸ਼

Thursday, Apr 05, 2018 - 09:38 AM (IST)

ਇਸ ਸਾਲ ਸੋਕੇ ਦਾ ਡਰ ਨਹੀਂ, ਮਾਨਸੂਨ ਦੌਰਾਨ ਹੋਵੇਗੀ 100 ਫੀਸਦੀ ਬਾਰਿਸ਼

ਨਵੀਂ ਦਿੱਲੀ— ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਲਈ ਚੰਗੀ ਖਬਰ ਹੈ। ਦੇਸ਼ 'ਚ ਇਸ ਸਾਲ ਸੋਕਾ ਪੈਣ ਦੇ ਬਿਲਕੁਲ ਵੀ ਆਸਾਰ ਨਹੀਂ ਹਨ, ਸਗੋਂ ਜੂਨ ਤੋਂ ਸਤੰਬਰ ਵਿਚਕਾਰ ਮਾਨਸੂਨ ਦੇ ਚਾਰ ਮਹੀਨਿਆਂ ਦੌਰਾਨ 887 ਮਿਲੀਮੀਟਰ ਤਕ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਦਾ ਹਾਲ ਜਾਰੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੇਟ ਨੇ ਬੁੱਧਵਾਰ ਨੂੰ ਜਾਰੀ ਕੀਤੀ ਮੌਸਮ ਭਵਿੱਖਬਾਣੀ 'ਚ ਇਹ ਸੰਭਾਵਨਾ ਪ੍ਰਗਟ ਕੀਤੀ ਹੈ। ਇਸ ਦੇ ਅਨੁਸਾਰ ਦੇਸ਼ 'ਚ ਲੰਬੇ ਸਮੇਂ ਦੀ ਔਸਤ (ਐੱਲ. ਪੀ. ਏ) 887 ਮਿਲੀਮੀਟਰ ਦੇ ਮੁਕਾਬਲੇ 100 ਫੀਸਦੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਹਾਲਾਂਕਿ ਇਹ 5 ਫੀਸਦੀ ਘੱਟ ਜਾਂ ਜ਼ਿਆਦਾ ਰਹਿ ਸਕਦੀ ਹੈ।
ਭਾਰਤ 'ਚ ਜੂਨ ਤੋਂ ਸ਼ੁਰੂ ਹੋਣ ਵਾਲੇ ਮਾਨੂਸਨ ਮੌਸਮ 'ਚ ਐੱਲ. ਪੀ. ਏ. ਦੇ 96 ਫੀਸਦੀ ਅਤੇ 104 ਫੀਸਦੀ ਵਿਚਕਾਰ ਰਹਿਣ ਵਾਲੀ ਬਾਰਿਸ਼ ਨੂੰ ਠੀਕ-ਠਾਕ ਜਾਂ ਔਸਤ ਬਾਰਿਸ਼ ਮੰਨਿਆ ਜਾਂਦਾ ਹੈ, ਜਦੋਂ ਕਿ 90 ਫੀਸਦੀ ਤੋਂ ਘੱਟ ਬਾਰਿਸ਼ ਹੋਣ 'ਤੇ ਸੋਕਾ ਐਲਾਨ ਕੀਤਾ ਜਾਂਦਾ ਹੈ। ਐੱਲ. ਪੀ. ਏ. 887 ਮਿਲੀਮੀਟਰ ਹੈ, ਜੋ ਕਿ ਮਾਨਸੂਨ ਦੌਰਾਨ ਬਾਰਿਸ਼ ਹੋਣ ਦੀ ਇਕ ਔਸਤ ਹੈ। ਸਕਾਈਮੇਟ ਨੇ ਮੌਸਮ ਸੰਬੰਧੀ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਵਾਰ ਸੋਕੇ ਦੀ ਸੰਭਾਵਨਾ ਜ਼ੀਰੋ ਫੀਸਦੀ ਹੈ, ਯਾਨੀ ਇਸ ਵਾਰ ਬਾਰਿਸ਼ ਐੱਲ. ਪੀ. ਏ. ਦੇ 90 ਫੀਸਦੀ ਤੋਂ ਘੱਟ ਨਹੀਂ ਹੋਵੇਗੀ। ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਵੀ ਇਸ ਵਾਰ ਬਾਰਿਸ਼ ਦਾ ਮੌਸਮ ਚੰਗਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ, ਇਸ ਸੰਬੰਧੀ ਸਰਕਾਰੀ ਮੌਸਮ ਵਿਭਾਗ ਵੀ 15 ਅਪ੍ਰੈਲ ਤਕ ਆਪਣੀ ਮਾਨਸੂਨ ਸੰਬੰਧੀ ਰਿਪੋਰਟ ਜਾਰੀ ਕਰ ਸਕਦਾ ਹੈ।
PunjabKesari
ਜੂਨ-ਸਤੰਬਰ ਵਿਚਕਾਰ ਕਿਸ ਤਰ੍ਹਾਂ ਦਾ ਰਹੇਗਾ ਮਾਨਸੂਨ?
ਸਕਾਈਮੇਟ ਮੁਤਾਬਕ 55 ਫੀਸਦੀ ਸੰਭਾਵਨਾ ਹੈ ਕਿ ਬਾਰਿਸ਼ ਠੀਕ-ਠਾਕ ਯਾਨੀ ਐੱਲ. ਪੀ. ਏ. ਦੇ 96 ਤੋਂ 104 ਫੀਸਦੀ ਵਿਚਕਾਰ ਹੋਵੇਗੀ।
5 ਫੀਸਦੀ ਸੰਭਾਵਨਾ ਹੈ ਕਿ ਮਾਨਸੂਨ ਸੀਜ਼ਨ 'ਚ ਭਾਰੀ ਯਾਨੀ ਐੱਲ. ਪੀ. ਏ. ਦੇ 110 ਫੀਸਦੀ ਤੋਂ ਜ਼ਿਆਦਾ ਬਾਰਿਸ਼ ਹੋਵੇਗੀ।
ਲਗਭਗ 20 ਫੀਸਦੀ ਸੰਭਾਵਨਾ ਅਜਿਹੀ ਹੈ ਕਿ ਬਾਰਿਸ਼ ਆਮ ਤੋਂ ਥੋੜ੍ਹਾ ਵਧ ਯਾਨੀ ਐੱਲ. ਪੀ. ਏ. ਦੇ 105 ਤੋਂ 110 ਫੀਸਦੀ ਵਿਚਕਾਰ ਹੋਵੇ।
ਉੱਥੇ ਹੀ, 20 ਫੀਸਦੀ ਸੰਭਾਵਨਾ ਅਜਿਹੀ ਹੈ ਕਿ ਬਾਰਿਸ਼ ਆਮ ਤੋਂ ਥੋੜ੍ਹਾ ਘੱਟ ਯਾਨੀ ਐੱਲ. ਪੀ. ਏ. ਦੇ 90 ਤੋਂ 95 ਫੀਸਦੀ ਵਿਚਕਾਰ ਹੋਵੇਗੀ।
ਸਕਾਈਮੇਟ ਮੁਤਾਬਕ ਇਸ ਸਾਲ ਸੋਕਾ ਪੈਣ ਦਾ ਖਦਸ਼ਾ ਨਹੀਂ ਹੈ, ਯਾਨੀ ਕਿਤੇ ਵੀ ਅਜਿਹਾ ਨਹੀਂ ਲੱਗ ਰਿਹਾ ਕਿ ਜੂਨ ਤੋਂ ਸਤੰਬਰ ਦੌਰਾਨ ਬਾਰਿਸ਼ ਐੱਲ. ਪੀ. ਏ. ਦੇ 90 ਫੀਸਦੀ ਤੋਂ ਘੱਟ ਹੋਵੇਗੀ।
ਜੂਨ 'ਚ ਔਸਤ 111 ਫੀਸਦੀ, ਜੁਲਾਈ 'ਚ 97 ਫੀਸਦੀ, ਅਗਸਤ 'ਚ 96 ਫੀਸਦੀ ਅਤੇ ਸਤੰਬਰ 'ਚ 101 ਫੀਸਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।


Related News