USA ਬਾਜ਼ਾਰ ਲਾਲ ਨਿਸ਼ਾਨ 'ਤੇ ਹੋਏ ਬੰਦ, ਡਾਓ 'ਚ ਇੰਨੀ ਗਿਰਾਵਟ

10/15/2019 8:18:01 AM

ਵਾਸ਼ਿੰਗਟਨ— ਅਮਰੀਕਾ-ਚੀਨ ਵਪਾਰ ਸਮਝੌਤੇ ਨੂੰ ਲੈ ਕੇ ਨਵੀਂ ਚਿੰਤਾ ਖੜ੍ਹੀ ਹੋਣ ਕਾਰਨ ਸੋਮਵਾਰ ਨੂੰ ਯੂ. ਐੱਸ. ਬਾਜ਼ਾਰ ਹਲਕੀ ਗਿਰਾਵਟ 'ਚ ਬੰਦ ਹੋਏ। ਡਾਓ ਜੋਂਸ, ਐੱਸ. ਐਂਡ ਪੀ.-500 ਅਤੇ ਨੈਸਡੈਕ ਕੰਪੋਜ਼ਿਟ ਤਿੰਨੋਂ ਸੂਚਕ ਅੰਕ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।

ਡਾਓ 29.23 ਅੰਕ ਯਾਨੀ 0.1 ਫੀਸਦੀ ਡਿੱਗਾ ਕੇ 26,787.36 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ ਵੀ 0.1 ਫੀਸਦੀ ਦੀ ਗਿਰਾਵਟ ਨਾਲ 2,966.15 ਦੇ ਪੱਧਰ ਅਤੇ ਨੈਸਡੈਕ ਕੰਪੋਜ਼ਿਟ 0.1 ਫੀਸਦੀ ਸਲਿੱਪ ਕਰਕੇ 8,048.65 ਦੇ ਪੱਧਰ 'ਤੇ ਬੰਦ ਹੋਏ ਹਨ।

ਇਸ ਤੋਂ ਪਿਛਲੇ ਕਾਰੋਬਾਰੀ ਦਿਨ ਡਾਓ 300 ਅੰਕ, ਐੱਸ. ਐਂਡ ਪੀ.-500 ਇੰਡੈਕਸ 1.1 ਫੀਸਦੀ ਦੀ ਤੇਜ਼ੀ ਨਾਲ, ਜਦੋਂ ਕਿ ਨੈਸਡੈਕ ਕੰਪੋਜ਼ਿਟ 1.3 ਫੀਸਦੀ ਦੀ ਮਜਬੂਤੀ ਨਾਲ ਬੰਦ ਹੋਏ ਸਨ। ਰਿਪੋਰਟਾਂ ਮੁਤਾਬਕ, ਚੀਨ ਯੂ. ਐੱਸ. ਨਾਲ ਨਵੀਂ ਵਪਾਰ ਡੀਲ ਕਰਨ ਤੋਂ ਪਹਿਲਾਂ ਗੱਲਬਾਤ ਦਾ ਹੋਰ ਵਿਸਥਾਰ ਚਾਹੁੰਦਾ ਹੈ। ਹਾਲਾਂਕਿ, ਇਹ ਸਾਫ ਨਹੀਂ ਹੈ ਕਿ ਇਹ ਗੱਲਬਾਤ ਬੀਜਿੰਗ ਜਾਂ ਵਾਸ਼ਿੰਗਟਨ 'ਚ ਹੋਵੇਗੀ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਚੀਨ ਅਮਰੀਕਾ ਤੋਂ 50 ਅਰਬ ਡਾਲਰ ਦੇ ਖੇਤੀ ਉਤਪਾਦਾਂ ਦੀ ਖਰੀਦ ਕਰੇਗਾ ਪਰ ਚੀਨ ਇਸ ਡੀਲ 'ਤੇ ਦਸਤਖਤ ਕਰਨ ਤੋਂ ਪਹਿਲਾਂ ਵਿਸਥਾਰ ਨਾਲ ਸਾਰੀ ਗੱਲਬਾਤ ਕਰ ਲੈਣਾ ਚਾਹੁੰਦਾ ਹੈ, ਜਿਸ ਕਾਰਨ ਨਿਵੇਸ਼ਕ ਇਕ ਵਾਰ ਫਿਰ ਸਾਵਧਾਨ ਹੋ ਗਏ ਹਨ। ਉਨ੍ਹਾਂ ਨੂੰ ਡਰ ਹੈ ਕਿ ਡੀਲ ਲਈ ਫਿਰ ਸਮਾਂ ਲੰਬਾ ਖਿੱਚ ਸਕਦਾ ਹੈ, ਜਿਸ ਨਾਲ ਵਪਾਰ ਮੁੱਦੇ 'ਤੇ ਗੱਲਬਾਤ ਵਿਚਕਾਰ ਲਟਕ ਸਕਦੀ ਹੈ। ਹਾਲਾਂਕਿ, ਸੀਮਤ ਡੀਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।


Related News