USA ਬਾਜ਼ਾਰ ਲਾਲ ਨਿਸ਼ਾਨ ''ਤੇ ਹੋਏ ਬੰਦ, ਡਾਓ ਜੋਂਸ ਇੰਨਾ ਡਿੱਗਾ

10/17/2019 8:25:32 AM

ਵਾਸ਼ਿੰਗਟਨ— ਯੂ. ਐੱਸ. ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਕਾਰਪੋਰੇਟ ਤਿਮਾਹੀ ਸੀਜ਼ਨ ਦੀ ਸ਼ੁਰੂਆਤ ਬਿਹਤਰ ਹੋਈ ਹੈ ਪਰ ਕਮਜ਼ੋਰ ਪ੍ਰਚੂਨ ਵਿਕਰੀ ਅੰਕੜੇ ਅਤੇ ਵਪਾਰ-ਯੁੱਧ ਦੀ ਚਿੰਤਾ ਕਾਰਨ ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਹਲਕੀ ਗਿਰਾਵਟ 'ਚ ਬੰਦ ਹੋਏ।

 

ਡਾਓ ਜੋਂਸ 22.83 ਅੰਕ ਯਾਨੀ 0.1 ਫੀਸਦੀ ਡਿੱਗ ਕੇ 27,001.98 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.2 ਫੀਸਦੀ ਸਲਿੱਪ ਕਰਕੇ 2,989.69 ਦੇ ਪੱਧਰ ਤੇ ਨੈਸਡੈਕ ਕੰਪੋਜ਼ਿਟ 0.3 ਫੀਸਦੀ ਦੀ ਗਿਰਾਵਟ ਨਾਲ 8,124.18 ਦੇ ਪੱਧਰ 'ਤੇ ਬੰਦ ਹੋਏ। ਸਤੰਬਰ ਮਹੀਨੇ ਪ੍ਰਚੂਨ ਵਿਕਰੀ 'ਚ 0.3 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜੋ ਸੱਤ ਮਹੀਨਿਆਂ 'ਚ ਪਹਿਲੀ ਵਾਰ ਹੈ।

ਵਾਹਨਾਂ ਦੀ ਵਿਕਰੀ ਤੇ ਆਨਲਾਈਨ ਖਰੀਦਦਾਰੀ 'ਚ ਸੁਸਤੀ ਕਾਰਨ ਪ੍ਰਚੂਨ ਵਿਕਰੀ 'ਚ ਨਰਮੀ ਰਹੀ। ਕਮਜ਼ੋਰ ਅੰਕੜੇ ਨੇ ਮੰਦੀ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਿੰਤਾਵਾਂ 'ਚ ਹੋਰ ਵਾਧਾ ਕੀਤਾ ਹੈ, ਜਿਸ ਕਾਰਨ ਬੁੱਧਵਾਰ ਨੂੰ ਚੰਗੇ ਭਲੇ ਸ਼ੁਰੂ ਹੋਏ ਕਾਰਪੋਰੇਟ ਤਿਮਾਹੀ ਸੀਜ਼ਨ ਦਾ ਪ੍ਰਭਾਵ ਵੀ ਬਾਜ਼ਾਰ 'ਤੇ ਹਲਕਾ ਰਿਹਾ। ਇਸ ਵਿਚਕਾਰ ਖਬਰ ਆਈ ਕਿ ਚੀਨ ਚਾਹੁੰਦਾ ਹੈ ਕਿ ਡੀਲ 'ਤੇ ਅੱਗੇ ਵਧਣ ਤੋਂ ਪਹਿਲਾਂ ਅਮਰੀਕਾ ਚੀਨੀ ਸਮਾਨਾਂ 'ਤੇ ਟੈਰਿਫ ਨੂੰ ਹਟਾ ਦੇਵੇ।
ਜ਼ਿਕਰਯੋਗ ਹੈ ਕਿ ਪਿਛਲੇ ਕਾਰੋਬਾਰੀ ਦਿਨ ਡਾਓ ਜੋਂਸ, ਐੱਸ. ਐਂਡ ਪੀ.-500 ਅਤੇ ਨੈਸਡੈਕ ਕੰਪੋਜ਼ਿਟ ਤਿੰਨੋਂ ਸੂਚਕ ਅੰਕ ਗ੍ਰੀਨ ਨਿਸ਼ਾਨ 'ਤੇ ਬੰਦ ਹੋਏ ਸਨ। ਡਾਓ 237 ਅੰਕ ਯਾਨੀ 0.9 ਫੀਸਦੀ ਚੜ੍ਹ ਕੇ ਬੰਦ ਹੋਇਆ ਸੀ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 1 ਫੀਸਦੀ ਤੇ ਨੈਸਡੈਕ ਕੰਪੋਜ਼ਿਟ 1.2 ਫੀਸਦੀ ਦੀ ਬੜ੍ਹਤ ਨਾਲ ਬੰਦ ਹੋਏ ਹਨ।


Related News