ਡਾਓ ਜੋਂਸ 100 ਤੋਂ ਵੱਧ ਅੰਕ ਡਿੱਗਾ, ਲਗਾਤਾਰ ਦੂਜੇ ਦਿਨ ਗਿਰਾਵਟ
Thursday, Jul 18, 2019 - 08:18 AM (IST)

ਵਾਸ਼ਿੰਗਟਨ— ਵਾਪਰ ਨੂੰ ਲੈ ਕੇ ਚੀਨ ਤੇ ਅਮਰੀਕਾ ਵਿਚਕਾਰ ਸਹਿਮਤੀ ਨਾ ਬਣਨ ਦਾ ਖਦਸ਼ਾ ਅਤੇ ਕਾਰਪੋਰੇਟ ਨਤੀਜਿਆਂ ਤੋਂ ਮਿਲੇ ਖਰਾਬ ਸੰਕੇਤਾਂ ਕਾਰਨ ਬੁੱਧਵਾਰ ਨੂੰ ਵੀ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਡਾਓ ਜੋਂਸ 115.7 ਅੰਕ ਯਾਨੀ 0.42 ਫੀਸਦੀ ਡਿੱਗ ਕੇ 27,219.8 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 'ਚ 0.65 ਫੀਸਦੀ ਦੀ ਗਿਰਾਵਟ ਦਰਜ ਹੋਈ ਤੇ ਇਹ 2,984.42 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 0.46 ਫੀਸਦੀ ਕਮਜ਼ੋਰ ਹੋ ਕੇ 8,185.21 ਦੇ ਪੱਧਰ 'ਤੇ ਬੰਦ ਹੋਇਆ।
ਵਾਲਸਟ੍ਰੀਟ ਜਨਰਲ ਦੀ ਰਿਪੋਰਟ ਮਗਰੋਂ ਬੁੱਧਵਾਰ ਕਾਰੋਬਾਰ ਦੌਰਾਨ ਸਟਾਕਸ ਦਿਨ ਦੇ ਹੇਠਲੇ ਪੱਧਰ ਤਕ ਡਿੱਗੇ। ਰਿਪੋਰਟ ਮੁਤਾਬਕ, ਹੁਵਾਈ 'ਤੇ ਰੋਕਾਂ ਕਾਰਨ ਚੀਨ ਤੇ ਅਮਰੀਕਾ ਵਿਚਕਾਰ ਵਪਾਰ ਨੂੰ ਲੈ ਕੇ ਗੱਲਬਾਤ ਰੁਕ ਗਈ ਹੈ। ਇਸ ਵਿਚਕਾਰ ਸੀ. ਐੱਸ. ਐਕਸ. ਨੇ ਨਤੀਜੇ ਜਾਰੀ ਕੀਤੇ ਜੋ ਕਿ ਬਾਜ਼ਾਰ ਉਮੀਦਾਂ ਤੋਂ ਖਰਾਬ ਨਿਕਲੇ, ਜਿਸ ਨਾਲ ਇਸ ਦੇ ਸਟਾਕਸ ਦੀ ਜਮ ਕੇ ਵਿਕਵਾਲੀ ਹੋਈ ਤੇ ਇਹ 10 ਫੀਸਦੀ ਤੋਂ ਵੱਧ ਤਕ ਟੁੱਟੇ। ਫੈਕਟ ਸੈੱਟ ਡਾਟਾ ਮੁਤਾਬਕ, ਐੱਸ. ਐਂਡ ਪੀ.-500 ਇੰਡੈਕਸ 'ਚ ਸ਼ਾਮਲ ਕੰਪਨੀਆਂ 'ਚੋਂ 7 ਫੀਸਦੀ ਤੋਂ ਵੱਧ ਹੁਣ ਤਕ ਤਿਮਾਹੀ ਨਤੀਜੇ ਜਾਰੀ ਕਰ ਚੁੱਕੀਆਂ ਹਨ।
ਨਿਵੇਸ਼ਕਾਂ ਦੀ ਨਜ਼ਰ ਬਾਹਰੀ ਹਲਚਲ ਦੇ ਨਾਲ-ਨਾਲ ਕੰਪਨੀਆਂ ਦੇ ਤਿਮਾਹੀ ਨਤੀਜਿਆਂ 'ਤੇ ਹੈ, ਜਿਸ ਦਾ ਅਸਰ ਬਾਜ਼ਾਰਾਂ 'ਤੇ ਦਿਸ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਿਛਲੇ ਦਿਨ ਵੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ ਸਨ। ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਚੀਨ ਨਾਲ ਵਪਾਰ 'ਤੇ ਗੱਲਬਾਤ ਸਹੀ ਦਿਸ਼ਾ 'ਚ ਨਹੀਂ ਹੋਈ ਤਾਂ ਉਹ 325 ਅਰਬ ਡਾਲਰ ਦੇ ਚਾਈਨਿਜ਼ ਸਮਾਨ 'ਤੇ ਟੈਰਿਫ ਲਗਾ ਸਕਦੇ ਹਨ।