ਡਾਓ 46 ਅੰਕ ਚੜ੍ਹਿਆ, ਅਮਰੀਕੀ ਬਾਜ਼ਾਰ ਹਲਕੀ ਤੇਜ਼ੀ 'ਤੇ ਬੰਦ

Tuesday, Apr 10, 2018 - 08:31 AM (IST)

ਵਾਸ਼ਿੰਗਟਨ— ਵਪਾਰ ਯੁੱਧ 'ਤੇ ਅਮਰੀਕਾ ਦੇ ਬਿਆਨਾਂ 'ਚ ਨਰਮੀ ਨਾਲ ਬਾਜ਼ਾਰ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਪਰ ਡੋਨਲਡ ਟਰੰਪ ਦੇ ਵਕੀਲ ਮਾਈਕਲ ਕੋਹਨ ਦੇ ਦਫਤਰ 'ਤੇ ਐੱਫ. ਬੀ. ਆਈ. ਦੇ ਛਾਪਿਆਂ ਨੇ ਅਮਰੀਕੀ ਬਾਜ਼ਾਰ ਦੀ ਧਾਰਨਾ ਖਰਾਬ ਕਰ ਦਿੱਤੀ। ਡਾਓ ਜੋਂਸ ਸਾਰੀ ਤੇਜ਼ੀ ਗੁਆਉਂਦਾ ਹੋਇਆ ਦਿਨ ਦੇ ਹੇਠਲੇ ਪੱਧਰ 'ਤੇ ਬੰਦ ਹੋਇਆ। ਉੱਪਰੀ ਪੱਧਰ ਤੋਂ ਡਾਓ ਜੋਂਸ 'ਚ ਕਰੀਬ 400 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਤਕਨਾਲੋਜੀ ਸਟਾਕ ਵੀ ਹਲਕੀ ਤੇਜ਼ੀ ਨਾਲ ਬੰਦ ਹੋਏ ਹਨ।

ਸੋਮਵਾਰ ਦੇ ਕਾਰੋਬਾਰੀ ਸਤਰ 'ਚ ਡਾਓ ਜੋਂਸ ਸਿਰਫ 46.3 ਅੰਕ ਯਾਨੀ 0.2 ਫੀਸਦੀ ਦੇ ਵਾਧੇ ਨਾਲ 23,979 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ 'ਚ ਮਰਕ ਅਤੇ ਇੰਟੈੱਲ 'ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ, ਤਕਨਾਲੋਜੀ ਸੈਕਟਰ 'ਚ 0.8 ਫੀਸਦੀ ਦੇ ਉਛਾਲ ਨਾਲ ਐੱਸ. ਐਂਡ. ਪੀ.-500 ਇੰਡੈਕਸ 8.7 ਅੰਕ ਯਾਨੀ 0.3 ਫੀਸਦੀ ਦੀ ਤੇਜ਼ੀ ਨਾਲ 2,613.2 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 35.2 ਅੰਕ ਯਾਨੀ 0.5 ਫੀਸਦੀ ਦੀ ਉਛਾਲ ਨਾਲ 6,950.3 ਦੇ ਪੱਧਰ 'ਤੇ ਬੰਦ ਹੋਇਆ। ਐਮਾਜ਼ੋਨ 0.1 ਫੀਸਦੀ ਚੜ੍ਹ ਕੇ ਬੰਦ ਹੋਇਆ, ਬੰਦ ਹੋਣ ਤੋਂ ਪਹਿਲਾਂ ਇਹ 2.3 ਫੀਸਦੀ ਤਕ ਵਧ ਕੇ ਕਾਰੋਬਾਰ ਕਰ ਰਿਹਾ ਸੀ। ਬੋਇੰਗ ਵੀ 2.7 ਫੀਸਦੀ ਤੇਜ਼ੀ ਖੋਹਦਾਂ ਹੋਇਆ 1.2 ਫੀਸਦੀ ਵਧ ਕੇ ਬੰਦ ਹੋਇਆ।


Related News