ਖਿਡੌਣਾ ਉਦਯੋਗ ਨੂੰ ਗੁਣਵੱਤਾ ਨਿਯਮ ਲਾਗੂ ਕਰਨ ਲਈ ਮਿਲੀ ਮੁਹਲਤ

Wednesday, Sep 16, 2020 - 05:09 PM (IST)

ਨਵੀਂ ਦਿੱਲੀ— ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਗੁਣਵੱਤਾ ਮਿਆਰਾਂ ਨੂੰ ਲਾਗੂ ਕਰਨ ਲਈ ਘਰੇਲੂ ਖਿਡੌਣਾ ਉਦਯੋਗ ਨੂੰ ਅਗਲੇ ਸਾਲ ਜਨਵਰੀ ਤੱਕ ਚਾਰ ਹੋਰ ਮਹੀਨਿਆਂ ਦੀ ਮੁਹਲਤ ਦੇ ਦਿੱਤੀ ਹੈ। ਇਕ ਅਧਿਕਾਰਤ ਬਿਆਨ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।

ਵਣਜ ਤੇ ਉਦਯੋਗ ਮੰਤਰਾਲਾ ਤਹਿਤ ਆਉਣ ਵਾਲੇ ਉਦਯੋਗ ਤੇ ਅੰਦਰੂਨੀ ਵਪਾਰ ਤਰੱਕੀ ਵਿਭਾਗ (ਡੀ. ਪੀ. ਆਈ. ਆਈ. ਟੀ.) ਨੇ ਨੋਟੀਫਿਕੇਸ਼ਨ ਜਾਰੀ ਕਰਕੇ ਖਿਡੌਣਾ (ਗੁਣਵੱਤਾ ਕੰਟਰੋਲ) ਹੁਕਮ 2020 ਦੇ ਲਾਗੂ ਹੋਣ ਦੀ ਤਾਰੀਖ਼ ਵਧਾ ਕੇ 1 ਜਨਵਰੀ 2021 ਕਰ ਦਿੱਤੀ ਹੈ।

ਇਸ 'ਚ ਕਿਹਾ ਗਿਆ ਹੈ ਕਿ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਖਿਡੌਣਾ ਉਦਯੋਗ ਨੂੰ ਚਾਰ ਮਹੀਨੇ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ।

ਸਰਕਾਰ ਇਸ ਸਮੇਂ ਖਿਡੌਣਿਆਂ ਦੇ ਘਰੇਲੂ ਨਿਰਮਾਣ ਨੂੰ ਵਾਧਾ ਦੇਣ 'ਤੇ ਜ਼ੋਰ ਦੇ ਰਹੀ ਹੈ ਅਤੇ ਇਸ ਲਈ ਫਰਵਰੀ 'ਚ ਖਿਡੌਣਿਆਂ ਦੀ ਦਰਾਮਦ ਡਿਊਟੀ ਵਧਾ ਦਿੱਤੀ ਗਈ। ਖਿਡੌਣਿਆਂ ਦੀ ਗੁਣਵੱਤਾ ਸਬੰਧੀ ਨਿਯਮਾਂ ਦਾ ਮਕਸਦ ਬਾਜ਼ਾਰ 'ਚ ਘਟੀਆ ਖਿਡੌਣਿਆਂ 'ਤੇ ਰੋਕ ਲਾਉਣਾ ਹੈ। ਇਕ ਅਧਿਐਨ ਮੁਤਾਬਕ ਲਗਭਗ 67 ਫੀਸਦੀ ਖਿਡੌਣੇ ਸੁਰੱਖਿਆ ਮਿਆਰਾਂ 'ਤੇ ਖਰ੍ਹੇ ਨਹੀਂ ਉਤਰੇ। ਭਾਰਤ 'ਚ ਲਗਭਗ 4,000 ਤੋਂ ਜ਼ਿਆਦਾ ਛੋਟੇ ਅਤੇ ਦਰਮਿਆਨੇ ਖਿਡੌਣਾ ਉਦਯੋਗ ਹਨ।


Sanjeev

Content Editor

Related News