ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 7 ਪੈਸੇ ਚੜ੍ਹੀ, ਇੰਨਾ ਰਿਹੈ ਮੁੱਲ
Tuesday, Dec 29, 2020 - 06:33 PM (IST)
ਮੁੰਬਈ- ਵਿਦੇਸ਼ੀ ਕਰੰਸੀ ਬਾਜ਼ਾਰ 'ਚ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ ਸੱਤ ਪੈਸੇ ਚੜ੍ਹ ਕੇ 73.42 ਪ੍ਰਤੀ ਡਾਲਰ ਦੇ ਪੱਧਰ' ਤੇ ਬੰਦ ਹੋਇਆ। ਘਰੇਲੂ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਤੇ ਅਮਰੀਕੀ ਕਰੰਸੀ ਦੇ ਕਮਜ਼ੋਰ ਪੈਣ ਕਾਰਨ ਰੁਪਏ ਨੂੰ ਸਮਰਥਨ ਮਿਲਿਆ।
ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਵਿਦੇਸ਼ੀ ਕਰੰਸੀ ਦੀ ਆਮਦ ਲਗਾਤਾਰ ਜਾਰੀ ਰਹਿਣ ਨਾਲ ਵੀ ਰੁਪਏ ਨੂੰ ਸਮਰਥਨ ਮਿਲਿਆ।
ਰੁਪਿਆ ਅੱਜ ਡਾਲਰ ਦੇ ਮੁਕਾਬਲੇ 73.42 ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ। ਕਾਰੋਬਾਰ ਅੱਗੇ ਵਧਣ ਨਾਲ ਹੀ ਇਹ ਹੋਰ ਚੜ੍ਹ ਕੇ 73.34 ਪ੍ਰਤੀ ਡਾਲਰ ਦੀ ਉਚਾਈ 'ਤੇ ਪਹੁੰਚ ਗਿਆ। ਉੱਥੇ ਹੀ, ਕਾਰੋਬਾਰ ਦੌਰਾਨ ਇਸ ਨੇ 73.44 ਪ੍ਰਤੀ ਡਾਲਰ ਦਾ ਹੇਠਲਾ ਪੱਧਰ ਵੀ ਛੂਹਿਆ। ਅੰਤ ਵਿਚ ਇਹ 73.42 ਪ੍ਰਤੀ ਡਾਲਰ 'ਤੇ ਬੰਦ ਹੋਇਆ, ਜੋ ਬੀਤੇ ਦਿਨ ਦੇ ਮੁਕਾਬਲੇ 7 ਪੈਸੇ ਦਾ ਉੱਚਾ ਪੱਧਰ ਹੈ।
ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 73.49 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। ਇਸ ਵਿਚਕਾਰ ਦੁਨੀਆ ਦੀਆਂ ਛੇ ਪ੍ਰਮੁੱਖ ਕਰੰਸੀਆਂ ਦੀ ਤੁਲਨਾ ਵਿਚ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.32 ਫ਼ੀਸਦੀ ਡਿੱਗ ਕੇ 90.04 'ਤੇ ਆ ਗਿਆ। ਭਾਰਤੀ ਐਕਸਚੇਂਜ ਦੇ ਸ਼ੁਰੂਆਤੀ ਅੰਕੜਿਆ ਮੁਤਾਬਕ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਪੂੰਜੀ ਬਾਜ਼ਾਰ ਵਿਚ 1,588.93 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ। ਇਸ ਦੌਰਾਨ ਗਲੋਬਲ ਬੈਂਚਮਾਰਕ ਮੰਨੇ ਜਾਂਦੇ ਬ੍ਰੈਂਟ ਕੱਚੇ ਤੇਲ ਦੀ ਵਾਇਦਾ ਕੀਮਤ 1.24 ਫ਼ੀਸਦੀ ਚੜ੍ਹ ਕੇ 51.49 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ।