ਰੂੰ ਬਾਜ਼ਾਰ ਨੇ ਨਹੀਂ ਬਦਲੇ ਤੇਵਰ, ਬਰਾਮਦ ਵਧਣ ਦੀ ਆਸ
Monday, Apr 09, 2018 - 01:57 AM (IST)

ਜੈਤੋ— ਉੱਤਰੀ ਖੇਤਰੀ ਸੂਬਿਆਂ ਦੀਆਂ ਮੰਡੀਆਂ 'ਚ ਹੁਣ ਤਕ ਜੇ-34 ਰੋਲਰ ਰੂੰ ਦੀ ਲਗਭਗ 53 ਲੱਖ 47 ਹਜ਼ਾਰ ਗੰਢ ਦੀ ਆਮਦ ਹੋਈ ਹੈ, ਜਿਸ ਵਿਚ ਪੰਜਾਬ 'ਚੋਂ 9,26,000 ਗੰਢ, ਹਰਿਆਣਾ 22,40,000 ਗੰਢ, ਸ਼੍ਰੀਗੰਗਾਨਗਰ-ਹਨੂਮਾਨਗੜ੍ਹ ਲਾਈਨ 9,26,000 ਗੰਢ, ਹਰਿਆਣਾ 22,40,000 ਗੰਢ ਤੇ ਲੋਅਰ ਰਾਜਸਥਾਨ ਮੰਡੀਆਂ 'ਚ 11,88,000 ਗੰਢ ਦੀ ਆਮਦ ਆਈ ਹੈ। ਸੂਤਰਾਂ ਅਨੁਸਾਰ ਉੱਤਰੀ ਖੇਤਰੀ ਸੂਬਿਆਂ ਦੀਆਂ ਇਨ੍ਹਾਂ ਮੰਡੀਆਂ 'ਚ ਇਸ ਹਫਤੇ ਕਪਾਹ ਦੀ ਆਮਦ ਲਗਭਗ 19,000 ਤੋਂ ਘਟ ਕੇ 11,000-12,000 ਗੰਢ ਦੀ ਰਹਿ ਗਈ ਹੈ। ਰੂੰ ਮੰਦੜੀਆਂ ਦਾ ਮੰਨਣਾ ਹੈ ਕਿ ਕਪਾਹ ਦੇ ਭਾਅ ਫਿਸਲਣ ਨਾਲ ਕਿਸਾਨ ਮੰਡੀਆਂ 'ਚ ਕਪਾਹ ਕਾਫੀ ਘੱਟ ਲੈ ਕੇ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉੱਤਰੀ ਖੇਤਰੀ ਉਪਰੋਕਤ ਸੂਬਿਆਂ 'ਚ ਲਗਭਗ 20 ਤੋਂ 25 ਫੀਸਦੀ ਕਪਾਹ ਮੰਡੀਆਂ 'ਚ ਆਉਣੀ ਬਾਕੀ ਹੈ ਪਰ ਇਹ ਗੱਲ ਤੇਜੜੀਆਂ ਦੇ ਗਲੇ ਹੇਠਾਂ ਨਹੀਂ ਉਤਰ ਰਹੀ ਹੈ। ਰੂੰ ਕੀਮਤਾਂ 'ਚ 2 ਹਫਤੇ ਤੋਂ ਕਰੀਬ 40-50 ਰੁਪਏ ਮਣ ਤੇਜ਼ੀ-ਮੰਦੀ ਚੱਲ ਰਹੀ ਹੈ। ਰੂੰ ਤੇਜੜੀਆਂ ਨੇ ਉੱਚੀਆਂ ਕੀਮਤਾਂ 'ਤੇ ਰੂੰ ਗੰਢਾਂ ਦਾ ਮੋਟਾ ਸਟਾਕ ਕੀਤਾ ਹੋਇਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਰੂੰ ਕੀਮਤਾਂ 'ਚ 300-350 ਰੁਪਏ ਮਣ ਦੀ ਤੇਜ਼ੀ 3 ਮਹੀਨੇ 'ਚ ਆ ਵੀ ਗਈ ਤਾਂ ਸਟਾਕਿਸਟਾਂ ਦੇ ਹੱਥ ਕੁਝ ਪੱਲੇ ਨਹੀਂ ਲੱਗੇਗਾ। ਸੂਤਰਾਂ ਦੀ ਮੰਨੀਏ ਤਾਂ ਜ਼ਿਆਦਾਤਰ ਰੂੰ ਸਟਾਕਿਸਟ (ਤੇਜੜੀਏ) ਅਪ੍ਰੈਲ ਦੀ ਸ਼ੁਰੂਆਤ 'ਚ ਹੀ ਮੋਟੀ ਤੇਜ਼ੀ ਆਉਣ ਦੀ ਉਮੀਦ ਲਾਏ ਹੋਏ ਸੀ ਪਰ ਅਜੇ ਤਕ ਰੂੰ ਕੀਮਤਾਂ 'ਚ ਕੋਈ ਮੋਟਾ ਉਛਾਲ ਨਹੀਂ ਆਇਆ ਹੈ। ਰੂੰ ਬਾਜ਼ਾਰ 'ਚ ਹਰ ਰੋਜ਼ ਦੇਸ਼ 'ਚ ਕਪਾਹ ਉਤਪਾਦਨ ਪਹਿਲਾਂ ਦੇ ਅੰਦਾਜ਼ਿਆਂ ਮੁਤਾਬਕ ਘੱਟ ਹੋਣ, ਰੂੰ ਗੰਢਾਂ ਦੀ ਬਰਾਮਦ ਵਧਣ, ਕਤਾਈ ਮਿੱਲਾਂ ਦੀ ਖਪਤ ਆਦਿ ਵਧਣ ਦੀਆਂ ਗੱਲਾਂ ਆ ਰਹੀਆਂ ਹਨ, ਜਿਸ ਨਾਲ ਤੇਜੜੀਆਂ (ਸਟਾਕਿਸਟਾਂ) ਦੇ ਚਿਹਰਿਆਂ 'ਤੇ ਮੁਸਕਰਾਹਟ ਦੀ ਝਲਕ ਨਜ਼ਰ ਆਉਂਦੀ ਹੈ ਪਰ ਬਾਜ਼ਾਰਾਂ ਦੇ ਚੀਫ ਸ਼ੁੱਕਰ ਗ੍ਰਹਿ ਤੇਜੜੀਆਂ ਦੇ ਸਿਰ 'ਤੇ ਮੰਡਰਾ ਰਹੇ ਹਨ। ਇਸ ਨਾਲ ਤੇਜ਼ੀ 'ਚ ਰੁਕਾਵਟ ਬਣ ਰਹੀ ਹੈ। ਬੀਤੇ ਸਾਲ ਤੋਂ ਲਗਭਗ 10 ਲੱਖ ਗੰਢਾਂ ਜ਼ਿਆਦਾ ਰੂੰ ਬਰਾਮਦ ਦੀ ਗੱਲ ਬਾਜ਼ਾਰ 'ਚ ਆਉਣ ਦੇ ਬਾਵਜੂਦ ਰੂੰ ਬਾਜ਼ਾਰ ਨੇ ਅਜੇ ਤਕ ਤੇਵਰ ਨਹੀਂ ਬਦਲੇ।
ਰੂੰ ਬਾਜ਼ਾਰ 'ਚ ਪੈਸੇ ਦੀ ਤੰਗੀ ਨੇ ਸਤਾਇਆ
ਦੇਸ਼ 'ਚ ਵੱਖ-ਵੱਖ ਬੈਂਕਾਂ 'ਚ ਕਈ ਹਜ਼ਾਰ ਕਰੋੜ ਰੁਪਏ ਦੇ ਹੋਏ ਘਪਲੇ ਨੂੰ ਦੇਖਦਿਆਂ ਬੈਂਕਾਂ ਨੇ ਪੈਸਾ ਦੇਣ 'ਤੇ ਸਖਤਾਈ ਕਰ ਦਿੱਤੀ ਹੈ, ਜਿਸ ਨਾਲ ਰੂੰ ਬਾਜ਼ਾਰ 'ਚ ਪੈਸੇ ਦੀ ਬੜੀ ਤੰਗੀ ਸਤਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਬਾਜ਼ਾਰ 'ਚ ਤੇਜ਼ੀ ਖੁੱਲ੍ਹ ਕੇ ਨਾ ਆਉਣਾ ਵੀ ਪੈਸੇ ਦੀ ਤੰਗੀ ਮੰਨਿਆ ਜਾ ਰਿਹਾ ਹੈ। ਜ਼ਿਆਦਾਤਰ ਕਤਾਈ ਮਿੱਲਾਂ ਹੈਂਡ ਟੂ ਮਾਊਥ ਹੀ ਚੱਲ ਰਹੀਆਂ ਹਨ। ਵੱਡੇ ਕਤਾਈ ਗਰੁੱਪਾਂ ਕੋਲ ਆਪਣੀ ਖਪਤ ਮੁਤਾਬਕ ਰੂੰ ਗੰਢਾਂ ਦਾ ਚੰਗਾ ਸਟਾਕ ਹੈ।
ਰੂੰ ਤੇਜੜੀਏ ਪਏ ਢਿੱਲੇ
ਬਾਜ਼ਾਰ ਜਾਣਕਾਰਾਂ ਦੀ ਮੰਨੀਏ ਤਾਂ ਰੂੰ ਦੇ ਤੇਜੜੀਆਂ ਦੇ ਤੇਵਰ ਢਿੱਲੇ ਪੈਣ ਲੱਗੇ ਹਨ, ਜਿਸ ਕਾਰਨ ਹੁਣ ਉਹ ਹੌਲੀ-ਹੌਲੀ ਰੂੰ ਵੇਚਣ ਲੱਗੇ ਹਨ। ਇਕ ਤੇਜੜੀਏ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਰੂੰ ਕੀਮਤਾਂ 'ਚ ਛੇਤੀ ਉਛਾਲ ਆਏਗਾ। ਆਮ ਤੌਰ 'ਤੇ ਰੂੰ 'ਚ ਤੇਜ਼ੀ ਦਾ ਉਛਾਲ ਰੂੰ ਬਰਾਮਦ ਦੀ ਮੰਗ ਨਿਕਲਣ 'ਤੇ ਹੀ ਆਉਂਦਾ ਹੈ ਪਰ ਅਜੇ ਤਕ ਰੂੰ ਬਾਜ਼ਾਰ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ, ਜਦਕਿ 10 ਲੱਖ ਗੰਢਾਂ ਦੀ ਬਰਾਮਦ ਜ਼ਿਆਦਾ ਹੋਣ ਦਾ ਢਿੰਡੌਰਾ ਰੂੰ ਮਾਰਕੀਟ 'ਚ ਵੱਜ ਚੁੱਕਾ ਹੈ।
ਚੀਨ ਦੀ ਚੰਗੀ ਮੰਗ
ਭਾਰਤੀ ਯਾਰਨ ਦੀ ਵੱਖ-ਵੱਖ ਦੇਸ਼ਾਂ 'ਚ ਚੰਗੀ ਮੰਗ ਬਣੀ ਹੋਈ ਹੈ। ਸੂਤਰਾਂ ਅਨੁਸਾਰ ਅੱਜਕਲ ਰੂੰ ਦੀਆਂ ਕੀਮਤਾਂ 4190 ਤੋਂ 4225 ਰੁਪਏ ਮਣ ਚੱਲ ਰਹੀਆਂ ਹਨ। ਇਨ੍ਹਾਂ ਕੀਮਤਾਂ 'ਚ ਕਤਾਈ ਮਿੱਲਾਂ ਦਾ ਯਾਰਨ ਬਣਾਉਣ 'ਚ ਪੜਤਾ ਚੱਲ ਰਿਹਾ ਹੈ। ਭਾਰਤੀ ਯਾਰਨ ਕਾਫੀ ਵਧੀਆ ਹੋਣ ਨਾਲ ਇਸ ਦੀ ਵਿਦੇਸ਼ੀ ਬਾਜ਼ਾਰ ਤੋਂ ਲਗਾਤਾਰ ਮੰਗ ਆ ਰਹੀ ਹੈ।