ਕੋਵਿਡ-19: ਦਿੱਲੀ ਮੈਟਰੋ ਕੋਲ ਕਰਜ਼ ਦੀ ਕਿਸ਼ਤ ਚੁਕਾਉਣ ਲਈ ਨਹੀਂ ਪੈਸੇ
Thursday, Jul 23, 2020 - 03:57 PM (IST)

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਨਾਲ ਜੁੜੇ ਲਾਕਡਾਊਨ ਨੇ ਦਿੱਲੀ ਮੈਟਰੋ ਨੂੰ ਖ਼ਸਤਾਹਾਲ ਕਰ ਦਿੱਤਾ ਹੈ। ਇਹ 22 ਮਾਰਚ ਤੋਂ ਬੰਦ ਹੈ ਅਤੇ ਇਸ ਦੌਰਾਨ ਉਸ ਨੂੰ ਤਕਰੀਬਨ 1,200 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਸਥਿਤੀ ਇਹ ਹੈ ਕਿ ਆਪਣੇ ਦੋ ਦਹਾਕਿਆਂ ਦੇ ਇਤਿਹਾਸ 'ਚ ਪਹਿਲੀ ਵਾਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਕਰਜ਼ਾ ਮੋੜਨ ਦੀ ਸਥਿਤੀ 'ਚ ਨਹੀਂ ਹੈ ਅਤੇ ਇਸ ਨੂੰ ਡਿਫਾਲਟ ਦੇ ਜੋਖਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟਾਂ ਮੁਤਾਬਕ, ਡੀ. ਐੱਮ. ਆਰ. ਸੀ. ਨੇ ਜਾਪਾਨ ਦੀ ਅੰਤਰਰਾਸ਼ਟਰੀ ਸਹਿਕਾਰਤਾ ਏਜੰਸੀ (ਜੇ. ਆਈ. ਸੀ. ਏ.) ਤੋਂ ਮੈਟਰੋ ਦੇ ਨਿਰਮਾਣ ਲਈ 35,198 ਕਰੋੜ ਰੁਪਏ ਦਾ ਨਰਮ ਕਰਜ਼ਾ ਲੈ ਰੱਖਿਆ ਹੈ ਅਤੇ ਇਸ ਸਾਲ ਆਪਣੀ ਕਿਸ਼ਤ ਵਾਪਸ ਕਰਨ ਦੀ ਸਥਿਤੀ 'ਚ ਨਹੀਂ ਹੈ।
ਡੀ. ਐੱਮ. ਆਰ. ਸੀ. ਨੇ ਵਿੱਤੀ ਸਾਲ 2020-21 'ਚ 1242.8 ਕਰੋੜ ਰੁਪਏ ਦੀ ਕਿਸ਼ਤ ਅਦਾ ਕਰਨੀ ਹੈ। ਹੁਣ ਤੱਕ ਉਸ ਨੇ ਸਿਰਫ 79.2 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ। ਡੀ. ਐੱਮ. ਆਰ. ਸੀ. ਨੇ ਇਸ ਮੁਸੀਬਤ ਤੋਂ ਬਾਹਰ ਨਿਕਲਣ ਲਈ ਕੇਂਦਰ ਸਰਕਾਰ ਕੋਲ ਗੁਹਾਰ ਲਾਈ ਹੈ। ਉਸ ਨੇ ਇਸ ਕਿਸ਼ਤ ਦੇ ਭੁਗਤਾਨ ਨੂੰ ਅਗਲੇ ਸਾਲ ਤੱਕ ਟਾਲਣ ਦੀ ਬੇਨਤੀ ਕੀਤੀ ਹੈ। ਦਿੱਲੀ ਮੈਟਰੋ 22 ਮਾਰਚ ਤੋਂ ਬੰਦ ਹੋਣ ਕਾਰਨ ਪਿਛਲੇ ਚਾਰ ਮਹੀਨਿਆਂ 'ਚ ਉਸ ਨੂੰ ਕੋਈ ਪੈਸੇਂਜਰ ਰੈਵੇਨਿਊ ਨਹੀਂ ਮਿਲਿਆ ਹੈ।
ਕੋਵਿਡ-19 ਕਾਰਨ ਬਾਕੀ ਸੈਕਟਰ ਵੀ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਮੈਟਰੋ ਦੀ ਬਾਕੀ ਸਰੋਤਾਂ ਤੋਂ ਵੀ ਆਮਦਨ ਘੱਟ ਹੋਈ ਹੈ। ਇੰਨਾ ਹੀ ਨਹੀਂ ਡੀ. ਐੱਮ. ਆਰ. ਸੀ. ਨੂੰ 389 ਕਿਲੋਮੀਟਰ ਲੰਮੇ ਨੈੱਟਵਰਕ ਅਤੇ 285 ਸਟੇਸ਼ਨਾਂ ਨੂੰ ਚਾਲੂ ਹਾਲਤ 'ਚ ਰੱਖਣ ਲਈ ਖਰਚ ਕਰਨਾ ਪੈ ਰਿਹਾ ਹੈ, ਨਾਲ ਹੀ 10,000 ਕਰਮਚਾਰੀਆਂ ਦੀਆਂ ਤਨਖਾਹਾਂ ਵੀ ਦੇਣੀਆਂ ਪੈ ਰਹੀਆਂ ਹਨ। ਦਿੱਲੀ ਮੈਟਰੋ ਨੂੰ ਰੋਜ਼ਾਨਾ ਨੁਕਸਾਨ ਹੋ ਰਿਹਾ ਹੈ।