ਰੀਅਲ ਅਸਟੇਟ ਕੰਪਨੀ M3M ਦੇ ਡਾਇਰੈਕਟਰ ਰੂਪ ਬਾਂਸਲ ਗ੍ਰਿਫ਼ਤਾਰ, ਲੱਗੇ ਇਹ ਦੋਸ਼
Friday, Jun 09, 2023 - 06:30 PM (IST)
ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ ਰੀਅਲ ਅਸਟੇਟ ਕੰਪਨੀ ਐੱਮ-3 ਐੱਮ ਦੇ ਡਾਇਰੈਕਟਰ ਰੂਪ ਬਾਂਸਲ ਨੂੰ ਮਨੀ ਲਾਂਡ੍ਰਿੰਗ ਨਾਲ ਜੁੜੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। 'ਜਗ ਬਾਣੀ' ਨੇ ਕੱਲ੍ਹ ਹੀ ਇਸ ਮਾਮਲੇ ਵਿਚ ਖ਼ੁਲਾਸਾ ਕੀਤਾ ਸੀ ਕਿ ਗਰੁੱਪ ਉਤੇ ਇਕ ਜੂਨ ਨੂੰ ਹੋਈ ਈ. ਡੀ. ਦੀ ਛਾਪੇਮਾਰੀ ਤੋਂ ਬਾਅਦ ਐੱਮ-3 ਐੱਮ ਗਰੁੱਪ ਦੇ ਡਾਇਰੈਕਟਰਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦਰਅਸਲ ਇਹ ਸਾਰਾ ਮਾਮਲਾ ਆਈ. ਆਰ. ਈ. ਓ. ਗਰੁੱਪ ਦੇ ਨਿਵੇਸ਼ਕਾਂ ਵੱਲੋਂ ਕੰਪਨੀ ਨੂੰ ਦਿੱਤੇ ਗਏ 400 ਕਰੋੜ ਰੁਪਏ ਦੇ ਫੰਡਾਂ ਦੀ ਹੇਰ-ਫੇਰ ਦਾ ਹੈ। ਇਸ ਮਾਮਲੇ ਵਿਚ ਕਈ ਐੱਫ਼. ਆਈ. ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਮਾਮਲਿਆਂ ਦੀ ਜਾਂਚ ਦੇ ਸਿਲਸਿਲੇ ਵਿਚ ਹੀ ਈ. ਡੀ. ਨੇ 1 ਜੂਨ ਨੂੰ ਗਰੁੱਪ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਵਿਚ 60 ਕਰੋੜ ਰੁਪਏ ਦੀ ਕੀਮਤ ਦੀਆਂ ਫਰਾਰੀ ਲੈਂਬਰਗਿਨੀ, ਲੈਂਡ ਰੋਵਰ, ਰੋਲਸ ਰੋਇਸ, ਬੈਂਟਲੀ, ਮਰਸੀਡੀਜ਼ ਵਰਗੀਆਂ ਲਗਜ਼ਰੀ ਗੱਡੀਆਂ, ਪੌਣੇ 6 ਕਰੋੜ ਰੁਪਏ ਦੇ ਗਹਿਣੇ ਅਤੇ 15 ਲੱਖ ਰੁਪਏ ਨਕਦੀ ਬਰਾਮਦ ਕੀਤੇ ਗਏ ਸਨ। ਇਸ ਛਾਪੇਮਾਰੀ ਤੋਂ ਬਾਅਦ ਕੰਪਨੀ ਦੇ ਡਾਇਰੈਕਟਰ ਰੂਪ ਬਾਂਸਲ ਨੇ ਦਿੱਲੀ ਹਾਈਕੋਰਟ ਵਿਚ ਇਕ ਅਰਜ਼ੀ ਦਾਇਰ ਕਰਕੇ ਮਾਮਲੇ ਵਿਚ ਨਿੱਜੀ ਪੇਸ਼ੀ ਤੋਂ ਛੂਟ ਮੰਗੀ ਸੀ।
ਇਹ ਵੀ ਪੜ੍ਹੋ : ਪਿਛਲੇ ਇਕ ਸਾਲ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ, ਜਾਣੋ ਕਿੰਨਾ ਕਮਾ ਰਹੀਆਂ ਹਨ ਤੇਲ ਕੰਪਨੀਆਂ
ਇਹ ਪਟੀਸ਼ਨ 7 ਜੂਨ ਨੂੰ ਦਾਇਰ ਕੀਤੀ ਗਈ ਸੀ ਅਤੇ ਪਟੀਸ਼ਨ ਵਿਚ ਇਹ ਵੀ ਮੰਗ ਕੀਤੀ ਗਈ ਸੀ ਕਿ ਈ. ਡੀ. ਵੱਲੋਂ 1 ਜੂਨ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਜ਼ਬਤ ਕੀਤੀਆਂ ਗਈਆਂ ਕਾਰਾਂ, ਨਕਦੀ, ਗਹਿਣ ਅਤੇ ਹੋਰ ਕਾਗਜ਼ਾਤ ਕੰਪਨੀ ਨੂੰ ਵਾਪਸ ਕੀਤੇ ਜਾਣ। ਇਸ ਤੋਂ ਇਲਾਵਾ ਕੰਪਨੀ ਨੇ ਈ. ਡੀ. ਵੱਲੋਂ ਫਰੀਜ਼ ਕੀਤੇ ਗਏ ਬੈਂਕ ਖ਼ਾਤੇ ਵੀ ਆਪਰੇਟ ਕਰਨ ਦੀ ਮੰਗ ਕੀਤੀ ਸੀ। ਕੰਪਨੀ ਨੇ ਅਦਾਲਤ ਵਿਚ ਕਿਹਾ ਕਿ ਕੁਝ ਲੋਕਾਂ ਨੇ ਦੋ ਵੱਖ-ਵੱਖ ਰੀਅਲ ਅਸਟੇਟ ਪ੍ਰਾਜੈਕਟਾਂ ਨੂੰ ਲੈ ਕੇ 13 ਐੱਫ਼. ਆਈ. ਆਰ. ਦਰਜ ਕਰਵਾਈਆਂ ਹਨ। ਇਹ ਐੱਫ਼. ਆਈ. ਆਰ. ਆਈ. ਆਰ. ਈ. ਓ. ਪ੍ਰਾਈਵੇਟ ਲਿਮਟਿਡ ਅਤੇ ਆਈ. ਆਰ. ਈ. ਓ. ਫਾਈਵ ਰੀਵਰ ਪ੍ਰਾਈਵੇਟ ਲਿਮਟਿਡ ਦੇ ਨਾਂ 'ਤੇ ਇਨ੍ਹਾਂ ਮਾਮਲਿਆਂ ਦਾ ਮੁੱਖ ਆਧਾਰ ਬਿਲਡਰ ਵੱਲੋਂ ਲੋਕਾਂ ਨੂੰ ਫਲੈਟ ਦਾ ਕਬਜ਼ਾ ਨਾ ਦੇਣਾ ਹੈ ਅਤੇ ਇਨ੍ਹਾਂ ਵਿਚੋਂ ਕਿਸੇ ਵੀ ਮਾਮਲੇ ਵਿਚ ਰੂਪ ਬਾਂਸਲ ਦੋਸ਼ੀ ਦੇ ਨਾਮ 'ਤੇ ਨਾਮਜ਼ਦ ਨਹੀਂ ਹੈ ਅਤੇ ਇਨ੍ਹਾਂ ਬਹੁਤੀਆਂ ਐੱਫ਼. ਆਈ. ਆਰ. ਜਾਂ ਤਾਂ ਪੁਲਸ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਹਨ ਜਾਂ ਫਿਰ ਇਨ੍ਹਾਂ ਦਾ ਨਿਪਟਾਰਾ ਹੋ ਗਿਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਅਗਲੀ ਸੁਣਵਾਈ 12 ਜੂਨ ਰੱਖੀ ਹੈ ਪਰ ਇਸ ਤੋਂ ਪਹਿਲਾਂ ਹੀ ਈ. ਡੀ. ਨੇ ਰੂਪ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਫਸਲਾਂ ਦੇ MSP 'ਚ ਵਾਧੇ ਮਗਰੋਂ ਵੀ ਫਟ ਸਕਦੈ 'ਮਹਿੰਗਾਈ ਬੰਬ', ਜਾਣੋ ਮਾਹਰਾਂ ਦੀ ਰਾਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।