ਟੀਚੇ ਤੋਂ ਜ਼ਿਆਦਾ ਰਿਹਾ ਪ੍ਰਤੱਖ ਟੈਕਸ ਕਲੈਕਸ਼ਨ!

Friday, Sep 02, 2022 - 06:20 PM (IST)

ਟੀਚੇ ਤੋਂ ਜ਼ਿਆਦਾ ਰਿਹਾ ਪ੍ਰਤੱਖ ਟੈਕਸ ਕਲੈਕਸ਼ਨ!

ਨਵੀਂ ਦਿੱਲੀ- ਕੇਂਦਰ ਸਰਕਾਰ ਨੂੰ ਇਸ ਵਿੱਤੀ ਸਾਲ 'ਚ 30 ਅਗਸਤ ਤੱਕ 4.8 ਲੱਖ ਕਰੋੜ ਰੁਪਏ ਦਾ ਪ੍ਰਤੱਖ ਮਿਲ ਚੁੱਕਾ ਹੈ, ਜੋ ਪਿਛਲੇ ਵਿੱਤੀ ਸਾਲ ਦਾ ਸਮਾਨ ਮਿਆਦ ਦੇ 3.6 ਲੱਖ ਕਰੋੜ ਰੁਪਏ ਤੋਂ 33 ਫੀਸਦੀ ਜ਼ਿਆਦਾ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਦੇ ਚੇਅਰਮੈਨ ਨਿਤਿਨ ਗੁਪਤਾ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। 
ਗੁਪਤਾ ਨੇ ਕਿਹਾ ਕਿ ਟੈਕਸ ਕਲੈਕਸ਼ਨ ਇਸ ਤਰ੍ਹਾਂ ਰਿਹਾ ਤਾਂ ਵਿੱਤੀ ਸਾਲ 2023 'ਚ 14.20 ਲੱਖ ਕਰੋੜ ਦੇ ਬਜਟ ਟੀਚੇ ਤੋਂ ਜ਼ਿਆਦਾ ਪ੍ਰਤੱਖ ਟੈਕਸ ਜੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਬਜਟ 'ਚ 14.20 ਲੱਖ ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਅਤੇ ਹੁਣ ਤੱਕ ਅਸੀਂ ਰਿਫੰਡ ਆਦਿ ਜਾਰੀ ਕਰਨ ਤੋਂ ਬਾਅਦ 4.8 ਲੱਖ ਕਰੋੜ ਰੁਪਏ ਦਾ ਸ਼ੁੱਧ ਟੈਕਸ ਜੁਟਾ ਲਿਆ ਹੈ। ਟੈਕਸ ਕਲੈਕਸ਼ਨ 'ਚ ਇਹ ਚੰਗਾ ਵਾਧਾ ਹੈ। ਉਨ੍ਹਾਂ ਨੇ ਕਿਹਾ ਕਿ ਦੂਜੀ ਕਿਸ਼ਤ ਦੇ ਭੁਗਤਾਨ ਦੇ ਸਮੇਂ ਵੀ ਅਜਿਹਾ ਹੀ ਰੁਝਾਣ ਰਿਹਾ ਤਾਂ ਬਜਟ ਟੀਚੇ ਤੋਂ ਜ਼ਿਆਦਾ ਟੈਕਸ ਕਲੈਕਸ਼ਨ ਹੋ ਸਕਦਾ ਹੈ। ਪਿਛਲੇ ਵਿੱਤੀ ਸਾਲ 'ਚ ਇਸ ਸਮੇਂ ਭਾਵ 30 ਅਗਸਤ 2021 ਤੱਕ 3.6 ਲੱਖ ਕਰੋੜ ਰੁਪਏ ਦਾ ਹੀ ਪ੍ਰਤੱਖ ਟੈਕਸ ਜੁਟਿਆ ਸੀ। 
ਵਿੱਤੀ ਸਾਲ 2023 'ਚ 14.20 ਲੱਖ ਕਰੋੜ ਰੁਪਏ ਦੇ ਪ੍ਰਤੱਖ ਟੈਕਸ ਦਾ ਜੋ ਟੀਚਾ ਰੱਖਿਆ ਹੈ। ਉਸ 'ਚ 7.2 ਲੱਖ ਕਰੋੜ ਰੁਪਏ ਕਾਰਪੋਰੇਟ ਟੈਕਸ ਤੋਂ ਅਤੇ 7 ਲੱਖ ਕਰੋੜ ਵਿਅਕਤੀ ਆਮਦਨ ਟੈਕਸ, ਪ੍ਰਤੀਭੂਤੀ ਲੈਣ-ਦੇਣ ਟੈਕਸ ਆਦਿ ਤੋਂ ਜੁਟਾਉਣ ਦਾ ਟੀਚਾ ਹੈ। 
ਪਿਛਲੇ ਵਿੱਤੀ ਸਾਲ 'ਚ ਪ੍ਰਤੱਖ ਟੈਕਸ ਕਲੈਕਸ਼ਨ ਦਾ ਸੰਸ਼ੋਧਤ ਅਨੁਮਾਨ 12.5 ਲੱਖ ਕਰੋੜ ਰੁਪਏ ਸੀ, ਜਦਕਿ ਬਜਟ 'ਚ 11.8 ਲੱਖ ਕਰੋੜ ਰੁਪਏ ਦਾ ਅਨੁਮਾਨ ਲਗਾਇਆ ਗਿਆ ਸੀ। 
ਗੁਪਤਾ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਕਾਰਪੋਰੇਟ ਟੈਕਸ ਕਲੈਕਸ਼ਨ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ 'ਚ ਕਰੀਬ 25 ਤੋਂ 26 ਫੀਸਦੀ ਵਧਿਆ ਹੈ ਜੋ ਕੋਵਿਡ ਦੌਰਾਨ ਨਰਮੀ ਤੋਂ ਉਭਰਦੇ ਉਦਯੋਗ ਜਗਤ ਦੀ ਮਜ਼ਬੂਤ ਬੈਲੇਂਸ ਸ਼ੀਟ ਅਤੇ ਵੱਧਦੇ ਮੁਨਾਫੇ ਦਾ ਸਬੂਤ ਹਨ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ ਕੰਪਨੀਆਂ ਦੀ ਕਮਾਈ ਦੋ ਅੰਕ 'ਚ ਵਧੀ ਹੈ। ਬਿਜਨੈੱਸ ਸਟੈਂਡਰਡ ਦੇ ਨਮੂਨੇ 'ਚ ਸ਼ਾਮਲ 2,981 ਸੂਚੀਬੰਧ ਕੰਪਨੀਆਂ ਦਾ ਜੂਨ ਤਿਮਾਹੀ 'ਚ ਏਕੀਕ੍ਰਿਤ ਸ਼ੁੱਧ ਮੁਨਾਫਾ ਪਿਛਲੇ ਸਾਲ ਅਪ੍ਰੈਲ-ਜੂਨ ਤੋਂ 22.4 ਫੀਸਦੀ ਵਧ ਕੇ 2.24 ਲੱਖ ਕਰੋੜ ਰੁਪਏ ਰਿਹਾ। 
ਸੀ.ਬੀ.ਡੀ.ਟੀ ਦੇ ਚੇਅਰਮੈਨ ਨੇ ਕਿਹਾ ਕਿ ਇਸ ਸਾਲ ਪ੍ਰਤੀਭੂਤੀ ਲੈਣ-ਦੇਣ ਟੈਕਸ (ਐੱਸ.ਟੀ.ਟੀ) ਕਲੈਕਸ਼ਨ 'ਚ ਵੀ ਚੰਗਾ ਵਾਧਾ ਦੇਖਿਆ ਗਿਆ ਹੈ। ਗੁਪਤਾ ਅਨੁਸਾਰ ਇਸ ਸਾਲ ਹੁਣ ਤੱਕ 10,000 ਕਰੋੜ ਰੁਪਏ ਪ੍ਰਤੀਭੂਤੀ ਲੈਣ-ਦੇਣ ਟੈਕਸ ਆ ਚੁੱਕੇ ਹਨ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਤੋਂ ਕਰੀਬ 7.7 ਫੀਸਦੀ ਜ਼ਿਆਦਾ ਹੈ। 


author

Aarti dhillon

Content Editor

Related News