ਦਸੰਬਰ ’ਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 24 ਫੀਸਦੀ ਵਧੀ : ਫਾਡਾ

01/11/2021 4:40:47 PM

ਨਵੀਂ ਦਿੱਲੀ (ਭਾਸ਼ਾ)– ਆਟੋਮੋਬਾਈਲ ਡੀਲਰਾਂ ਦੇ ਸੰਗਠਨ ਫਾਡਾ ਨੇ ਕਿਹਾ ਕਿ ਤਿਓਹਾਰੀ ਮੰਗ ਕਾਰਣ ਦਸੰਬਰ ’ਚ ਯਾਤਰੀ ਵਾਹਨਾਂ (ਪੀ. ਵੀ.) ਦੀ ਪ੍ਰਚੂਨ ਵਿਕਰੀ 23.99 ਫ਼ੀਸਦੀ ਵਧ ਕੇ 2,71,249 ਇਕਾਈ ਹੋ ਗਈ। ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ (ਫਾਡਾ) ਮੁਤਾਬਕ ਯਾਤਰੀ ਵਾਹਨਾਂ ਦੀ ਵਿਕਰੀ ਦਸੰਬਰ 2019 ’ਚ 2,18,775 ਇਕਾਈ ਸੀ। ਫਾਡਾ ਨੇ ਦੇਸ਼ ਦੇ 1,477 ਖੇਤਰੀ ਟ੍ਰਾਂਸਪੋਰਟ ਦਫਤਰਾਂ (ਆਰ. ਟੀ. ਓ.) ਵਿਚ 1,270 ਤੋਂ ਵਧੇਰੇ ਵਾਹਨ ਰਜਿਸਟ੍ਰੇਸ਼ਨ ਦੇ ਅੰਕੜੇ ਜਮ੍ਹਾ ਕੀਤੇ। ਇਨ੍ਹਾਂ ਅੰਕੜਿਆਂ ਮੁਤਾਬਕ ਦਸੰਬਰ 2019 ’ਚ ਦੋ ਪਹੀਆ ਵਾਹਨਾਂ ਦੀ ਵਿਕਰੀ 11.88 ਫ਼ੀਸਦੀ ਵਧ ਕੇ 14,24,620 ਇਕਾਈ ਹੋ ਗਈ ਜੋ ਇਸ ਤੋਂ ਪਿਛਲੇ ਸਾਲ ਦੀ ਸਮਾਨ ਮਿਆਦ ’ਚ 12,73,318 ਇਕਾਈ ਸੀ।

ਹਾਲਾਂਕਿ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਦਸੰਬਰ 2020 ’ਚ 13.52 ਫ਼ੀਸਦੀ ਘਟ ਕੇ 51,454 ਇਕਾਈ ਰਹਿ ਗਈ, ਜੋ ਇਸ ਤੋਂ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ’ਚ 59,497 ਇਕਾਈ ਸੀ। ਇਸ ਤਰ੍ਹਾਂ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਦਸੰਬਰ 2020 ’ਚ 52.75 ਫ਼ੀਸਦੀ ਘਟ ਕੇ 27,715 ਇਕਾਈ ਰਹਿ ਗਈ, ਜੋ ਦਸੰਬਰ 2019 ’ਚ 58,651 ਇਕਾਈ ਸੀ। ਸਮੀਖਿਆ ਅਧੀਨ ਮਹੀਨੇ ’ਚ ਟਰੈਕਟਰ ਦੀ ਵਿਕਰੀ 35.49 ਫ਼ੀਸਦੀ ਵਧ ਕੇ 69,105 ਇਕਾਈ ਹੋ ਗਈ ਜੋ ਦਸੰਬਰ 2019 ’ਚ 51,004 ਇਕਾਈ ਸੀ।

ਫਾਡਾ ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਪਹਿਲੀ ਵਾਰ ਦਸੰਬਰ ’ਚ ਵਾਹਨਾਂ ਦੀ ਰਜਿਸਟ੍ਰੇਸ਼ਨ ’ਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਫਸਲ ਚੰਗੀ ਹੋਣ, ਦੋ ਪਹੀਆ ਸੇਗਮੈਂਟ ’ਚ ਆਕਰਸ਼ਕ ਛੋਟ, ਯਾਤਰੀ ਵਾਹਨਾਂ ’ਚ ਨਵੀਂ ਪੇਸ਼ਕਸ਼ ਅਤੇ ਜਨਵਰੀ ਮਹੀਨੇ ’ਚ ਕੀਮਤ ਵਧਣ ਦੇ ਖਦਸ਼ੇ ਕਾਰਣ ਮੰਗ ਤੇਜ਼ ਬਣੀ ਰਹੀ।


cherry

Content Editor

Related News