ਦਸੰਬਰ ''ਚ ਕੋਲਾ ਉਤਪਾਦਨ 11 ਫ਼ੀਸਦੀ ਵਧ ਕੇ ਹੋਇਆ 9.28 ਕਰੋੜ ਟਨ
Tuesday, Jan 02, 2024 - 04:25 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ਦਾ ਕੋਲਾ ਉਤਪਾਦਨ ਦਸੰਬਰ 2023 'ਚ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 10.75 ਫ਼ੀਸਦੀ ਵਧ ਕੇ 92.8 ਮਿਲੀਅਨ ਟਨ ਹੋ ਗਿਆ। ਇਹ ਜਾਣਕਾਰੀ ਮੰਗਲਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ ਹੈ। ਦਸੰਬਰ 2022 ਵਿੱਚ ਦੇਸ਼ ਦਾ ਕੋਲਾ ਉਤਪਾਦਨ 8.38 ਕਰੋੜ ਟਨ ਸੀ।
ਇਸ ਸਬੰਧ ਵਿੱਚ ਕੋਲਾ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਕੋਲਾ ਸੈਕਟਰ ਵਿੱਚ ਬੇਮਿਸਾਲ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਉਤਪਾਦਨ, ਸਪਲਾਈ ਅਤੇ ਸਟਾਕ ਦਾ ਪੱਧਰ ਨਵੀਆਂ ਉਚਾਈਆਂ 'ਤੇ ਪਹੁੰਚ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਕੋਲਾ ਉਤਪਾਦਕ ਕੰਪਨੀ ਕੋਲ ਇੰਡੀਆ ਲਿਮਟਿਡ (ਸੀਆਈਐੱਲ) ਦਾ ਉਤਪਾਦਨ ਪਿਛਲੇ ਮਹੀਨੇ 8.27 ਫ਼ੀਸਦੀ ਵਧ ਕੇ 7.18 ਕਰੋੜ ਟਨ ਹੋ ਗਿਆ, ਜਦੋਂ ਕਿ ਦਸੰਬਰ 2022 'ਚ ਇਹ 6.63 ਕਰੋੜ ਟਨ ਸੀ।
ਇਸ ਬਿਆਨ ਦੇ ਮੁਤਾਬਕ ਅਪ੍ਰੈਲ-ਦਸੰਬਰ 2023 ਦੀ ਮਿਆਦ 'ਚ ਭਾਰਤ ਦਾ ਕੁਲ ਕੋਲਾ ਉਤਪਾਦਨ ਵਧ ਕੇ 684.3 ਮਿਲੀਅਨ ਟਨ ਹੋ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਿਆਦ 'ਚ 608.3 ਮਿਲੀਅਨ ਟਨ ਸੀ। ਦਸੰਬਰ 'ਚ ਕੋਲੇ ਦੀ ਸਪਲਾਈ 8.36 ਫ਼ੀਸਦੀ ਵਧ ਕੇ 86.2 ਮਿਲੀਅਨ ਟਨ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 79.5 ਮਿਲੀਅਨ ਟਨ ਸੀ। ਇਸ ਦੇ ਨਾਲ, ਮੰਤਰਾਲੇ ਨੇ ਕਿਹਾ ਕਿ ਉਹ ਕੋਲੇ ਦੇ ਉਤਪਾਦਨ ਅਤੇ ਸਪਲਾਈ ਦੀ ਨਿਰੰਤਰਤਾ ਨੂੰ ਬਣਾਈ ਰੱਖਣ, ਭਰੋਸੇਯੋਗ ਅਤੇ ਗਤੀਸ਼ੀਲ ਊਰਜਾ ਖੇਤਰ ਲਈ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ।