ਦਾਰਜਲਿੰਗ ਦੀ ਚਾਹ 'ਤੇ ਕਹਿਰ ਢਾਹ ਰਿਹਾ ਮੁਸੀਬਤਾਂ ਦਾ ਸਿਲਸਿਲਾ, ਕਈ ਬਾਗ ਵਿਕਰੀ ’ਤੇ ਲੱਗੇ

Sunday, May 30, 2021 - 12:55 PM (IST)

ਦਾਰਜਲਿੰਗ ਦੀ ਚਾਹ 'ਤੇ ਕਹਿਰ ਢਾਹ ਰਿਹਾ ਮੁਸੀਬਤਾਂ ਦਾ ਸਿਲਸਿਲਾ, ਕਈ ਬਾਗ ਵਿਕਰੀ ’ਤੇ ਲੱਗੇ

ਜਲੰਧਰ (ਬਿਜ਼ਨੈੱਸ ਡੈਸਕ) – ਦੇਸ਼ ’ਚ ਪ੍ਰੀਮੀਅਮ ਚਾਹ ਦਾ ਉਤਪਾਦਨ ਕਰਨ ਵਾਲੇ ਦਾਰਜਲਿੰਗ ਦੇ ਚਾਹ ਦੇ ਬਾਗਾਂ ਅਤੇ ਚਾਹ ਉਤਪਾਦਕਾਂ ਲਈ 2017 ’ਚ ਗੋਰਖਾਲੈਂਡ ਅੰਦੋਲਨ ਤੋਂ ਬਾਅਦ ਸ਼ੁਰੂ ਹੋਇਆ ਬੁਰਾ ਦੌਰ ਥੰਮਣ ਦਾ ਨਾਂ ਨਹੀਂ ਲੈ ਰਿਹਾ। 2017 ਦੇ ਗੋਰਖਾਲੈਂਡ ਅੰਦੋਲਨ ਤੋਂ ਬਾਅਦ 2020 ’ਚ ਕੋਰੋਨਾ ਮਹਾਮਾਰੀ ਅਤੇ ਹੁਣ 2021 ’ਚ ਮੌਸਮ ਦੀ ਮਹਾਮਾਰੀ ਤੋਂ ਬਾਅਦ ਦਾਰਜਲਿੰਗ ਦੇ ਕਈ ਬਾਗ ਵਿਕਰੀ ’ਤੇ ਲੱਗੇ ਹਨ ਪਰ ਉਨ੍ਹਾਂ ਨੂੰ ਖਰੀਦਦਾਰ ਨਹੀਂ ਮਿਲ ਰਿਹਾ। ਇਸ ਦਰਮਿਆਨ ਬਰਾਮਦਕਾਰਾਂ ਨੂੰ ਨੇਪਾਲਾਂ ਤੋਂ ਵੀ ਚੁਣੌਤੀ ਮਿਲ ਰਹੀ ਹੈ ਅਤੇ ਉਤਪਾਦਕਾਂ ਦਾ ਨੁਕਸਾਨ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ।

ਘੱਟ ਬਰਸਾਤ ਕਾਰਨ ਦਾਰਜਲਿੰਗ ’ਚ ਉਤਪਾਦਨ ’ਤੇ ਅਸਰ

ਇਸ ਸਾਲ ਮੌਸਮ ਦੀ ਮਹਾਮਾਰੀ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਬਰਸਾਤ ਦੀ ਕਮੀ ਕਾਰਨ ਦੇਸ਼ ’ਚ ਵਧੀਆ ਚਾਹ ਦਾ ਉਤਪਾਦਨ ਕਰਨ ਵਾਲੇ ਦਾਰਜਲਿੰਗ ਦੇ 87 ਚਾਹ ਦੇ ਬਾਗਾਂ ’ਚ ਇਸ ਸਾਲ ਉਤਪਾਦਨ ਘੱਟ ਕੇ 50 ਫੀਸਦੀ ਰਹਿ ਗਿਆ ਹੈ। ਗੁਡਰਿਕ ਗਰੁੱਪ ਦੇ ਸੀ. ਈ. ਓ. ਅਤੁਲ ਅਸਥਾਨਾ ਨੇ ਕਿਹਾ ਕਿ ਚਾਹ ਦੇ ਬਾਗਾਂ ਲਈ ਪੱਤਿਆਂ ਦੀ ਤੁੜਾਈ ਦਾ ਪਹਿਲਾ ਦੌਰ ਫੈਸਲਾਕੁੰਨ ਹੁੰਦਾ ਹੈ ਅਤੇ ਪਹਿਲੇ ਦੌਰ ’ਚ ਪੱਤਿਆਂ ਦੀ ਤੁੜਾਈ ਤੋਂ ਹੀ ਪੂਰੇ ਸੀਜ਼ਨ ਦੇ ਉਤਪਾਦਨ ਦੀ ਜ਼ਮੀਨ ਤਿਆਰ ਹੁੰਦੀ ਹੈ। ਪਿਛਲੇ ਸਾਲ ਮਾਰਚ ਮਹੀਨੇ ’ਚ ਦੇਸ਼ ’ਚ ਲਾਕਡਾਊਨ ਹੋਣ ਕਾਰਨ ਚਾਹ ਦੇ ਬਾਗਾਂ ’ਚ ਕੰਮ ਕਰਨ ਵਾਲੇ ਲੋਕ ਘਰਾਂ ’ਚ ਹੀ ਰਹਿਣ ਨੂੰ ਮਜ਼ਬੂਰ ਹੋ ਗਏ ਸਨ। ਲਿਹਾਜਾ ਪਹਿਲੇ ਪੜਾਅ ਦੀ ਤੁੜਾਈ ਨਹੀਂ ਹੋ ਸਕੀ ਅਤੇ ਇਸ ਸਾਲ ਬਰਸਾਤ ਦੀ ਕਮੀ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ।

ਪਿਛਲੇ ਸਾਲ ਦੇ ਮੁਕਾਬਲੇ 25 ਫੀਸਦੀ ਘੱਟ ਉਤਪਾਦਨ

ਦਾਰਜਲਿੰਗ ਸਥਿਤ ਟੀ. ਰਿਸਰਚ ਐਸੋਸੀਏਸ਼ਨ (ਟੀ. ਆਰ. ਏ.) ਦੇ ਸੀਨੀਅਰ ਵਿਗਿਆਨੀ ਐੱਸ. ਸਨੀਗ੍ਰਹੀ ਦਾ ਮੰਨਣਾ ਹੈ ਕਿ ਅਪ੍ਰੈਲ ਦੇ ਮਹੀਨੇ ’ਚ ਪਹਿਲੇ ਪੜਾਅ ਦੀ ਤੁੜਾਈ ਸਿਖਰ ’ਤੇ ਹੁੰਦੀ ਹੈ ਅਤੇ ਇਸ ਦੌਰਾਨ ਕਰੀਬ 20 ਫੀਸਦੀ ਫਸਲ ਦਾ ਉਤਪਾਦਨ ਹੁੰਦਾ ਹੈ ਅਤੇ ਇਸ ਦੌਰਾਨ ਕੰਪਨੀਆਂ ਕਰੀਬ 30 ਫੀਸਦੀ ਮਾਲੀਆ ਕਮਾਉਂਦੀਆਂ ਹਨ। ਟੀ. ਆਰ. ਏ. ਦੇ ਅੰਕੜਿਆਂ ਮੁਤਾਬਕ ਇਸ ਸਾਲ ਅਪ੍ਰੈਲ ਤੱਕ ਚਾਹ ਉਤਪਾਦਨ 2020 ਦੇ ਮੁਕਾਬਲੇ 24.73 ਫੀਸਦੀ ਘੱਟ ਹੈ ਜਦ ਕਿ 2019 ਦੇ ਮੁਕਾਬਲੇ ਇਹ ਕਮੀ 48.86 ਫੀਸਦੀ ਹੈ। ਇਸ ਸਾਲ ਮਈ ’ਚ ਇਹ ਉਤਪਾਦਨ 3 ਤੋਂ 5 ਫੀਸਦੀ ਹੋਰ ਘੱਟ ਹੋ ਸਕਦਾ ਹੈ ਕਿਉਂਕਿ ਘੱਟ ਬਰਸਾਤ ਤੋਂ ਇਲਾਵਾ ਚਾਹ ਦੇ ਬਾਗਾਂ ’ਚ ਹੋਏ ਕੀੜਿਆਂ ਦੇ ਹਮਲੇ ਦਾ ਅਸਰ ਆਉਣਾ ਹਾਲੇ ਬਾਕੀ ਹੈ। ਇਸ ਦਾ ਮਤਲਬ ਹੈ ਕਿ ਮਈ ਅਤੇ ਜੂਨ ਦੇ ਮਹੀਨੇ ਦਾ ਉਤਪਾਦਨ ਵੀ ਪਹਿਲਾਂ ਤੋਂ ਹੀ ਪ੍ਰਭਾਵਿਤ ਹੋ ਚੁੱਕਾ ਹੈ।

ਪਹਿਲੇ ਪੜਾਅ ਦੀ ਤੁੜਾਈ ’ਚ ਹੋਣ ਵਾਲੀ ਚਾਹ ਦੀ ਪੈਦਾਵਾਰ ਮਹਿੰਗੇ ਰੇਟ ’ਤੇ ਵਿਕਦੀ ਹੈ ਅਤੇ ਟੀ. ਬੋਰਡ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਦਾਰਜਲਿੰਗ ’ਚ ਕੋਰੋਨਾ ਕਾਰਣ ਹੋਏ ਲਾਕਡਾਊਨ ਕਾਰਨ ਪਹਿਲੇ ਪੜਾਅ ਦੀ ਪੈਦਾਵਾਰ 2019 ਦੇ ਮੁਕਾਬਲੇ 16 ਫੀਸਦੀ ਘੱਟ ਹੋਈ ਸੀ। ਚਾਹ ਦੇ ਉਤਪਾਦਨ ’ਚ ਇਹ ਕਮੀ ਸਿਰਫ ਦਾਰਜਲਿੰਗ ’ਚ ਹੀ ਦੇਖਣ ਨੂੰ ਨਹੀਂ ਮਿਲੀ ਹੈ ਸਗੋਂ ਆਸਾਮ ਅਤੇ ਪੱਛਮੀ ਬੰਗਾਲ ਦੇ ਚਾਹ ਦੇ ਬਾਗਾਂ ’ਚ ਕਰੀਬ 137 ਮਿਲੀਅਨ ਕਿਲੋਗ੍ਰਾਮ ਚਾਹ ਉਤਪਾਦਨ ਦਾ ਨੁਕਸਾਨ ਹੋਇਆ ਹੈ। ਚਾਹ ਦੇ ਉਤਪਾਦਨ ’ਚ ਕੌਮਾਂਤਰੀ ਪੱਧਰ ’ਤੇ 2.2 ਫੀਸਦੀ ਦੀ ਕਮੀ ਆਈ ਹੈ ਅਤੇ ਇਸ ਦਾ ਮੁੱਖ ਕਾਰਨ ਭਾਰਤ ’ਚ ਚਾਹ ਉਤਪਾਦਨ ’ਚ 10 ਫੀਸਦੀ ਦੀ ਕਮੀ ਹੈ।

ਰੇਟ ਵਧੇ ਪਰ ਉਤਪਾਦਕਾਂ ਨੂੰ ਫਾਇਦਾ ਨਹੀਂ

ਲਾਕਡਾਊਨ ਦੌਰਾਨ ਵੱਡੀ ਗਿਣਤੀ ’ਚ ਲੋਕ ਘਰਾਂ ’ਚ ਰਹਿਣ ’ਤੇ ਮਜ਼ਬੂਰ ਹੋਏ ਅਤੇ ਉਨ੍ਹਾਂ ਦੇ ਘਰ ’ਚ ਕੰਮ ਕਰਨ ਦੌਰਾਨ ਚਾਹ ਦੀ ਖਪਤ ਵਧ ਗਈ। ਹਾਲਾਂਕਿ ਇਸ ਦੌਰਾਨ ਘਰ ਤੋਂ ਬਾਹਰ ਹੋਣ ਵਾਲੀ ਚਾਹ ਦੀ ਖਪਤ ’ਚ ਕਮੀ ਆਈ ਪਰ ਇਸ ਦੇ ਬਾਵਜੂਦ ਚਾਹ ਦੀਆਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲੀ। ਰੇਟਿੰਗ ਏਜੰਸੀ ਇਕਰਾ ਦੀ ਰਿਪੋਰਟ ਮੁਤਾਬਕ ਉੱਤਰ ਖੇਤਰ ਦੇ ਬਗਾਨਾਂ ਦੀ ਸੀ. ਟੀ. ਸੀ. (ਕ੍ਰਸ਼ਡ, ਟੀਅਰ ਅਤੇ ਮਸ਼ੀਨ ਪ੍ਰੋਸੈਸਡ) ਦੀ ਕੀਮਤ ’ਚ 50 ਫੀਸਦੀ ਦੀ ਤੇਜ਼ੀ ਆਈ ਹੈ ਅਤੇ ਇਹ 70 ਰੁਪਏ ਪ੍ਰਤੀ ਕਿਲੋ ਤੱਕ ਮਹਿੰਗੀ ਹੋ ਗਈ ਹੈ ਜਦ ਕਿ ਦੱਖਣੀ ਭਾਰਤ ਦੀ ਇਸ ਤਰ੍ਹਾਂ ਦੀ ਚਾਹ ਦੀ ਕੀਮਤ ’ਚ 46 ਫੀਸਦੀ ਤੇਜ਼ੀ ਆਈ ਹੈ ਅਤੇ ਇਹ 44 ਰੁਪਏ ਪ੍ਰਤੀ ਕਿਲੋ ਮਹਿੰਗੀ ਹੋਈ ਹੈ। ਪਰ ਦਾਰਜਲਿੰਗ ਦੇ ਚਾਹ ਉਤਪਾਦਕਾਂ ਨੂੰ ਇਸ ਦਾ ਫਾਇਦਾ ਨਹੀਂ ਹੋਇਆ। ਇਕਰਾ ਪ੍ਰਧਾਨ ਕੌਸ਼ਿਕ ਦਾਸ ਨੇ ਕਿਹਾ ਕਿ ਦਾਰਜਲਿੰਗ ਦੀ ਪ੍ਰੀਮੀਅਮ ਚਾਹ ਬਰਾਮਦ ਕੀਤੀ ਜਾਂਦੀ ਹੈ ਅਤੇ ਪਹਿਲੇ ਪੜਾਅ ਦੀ ਤੁੜਾਈ ’ਚ ਉਸ ਦਾ ਉਤਪਾਦਨ ਡਿਗਣ ਨਾਲ ਉਤਪਾਦਕਾਂ ਨੂੰ ਨੁਕਸਾਨ ਹੋ ਗਿਆ। ਇਥੋਂ ਦੀ ਜੋ ਪ੍ਰੀਮੀਅਮ ਚਾਹ ਦੇਸ਼ ’ਚ ਆਮ ਦੁਕਾਨਦਾਰਾਂ ਵਲੋਂ ਵੇਚੀ ਜਾਂਦੀ ਹੈ, ਲਾਕਡਾਊਨ ’ਚ ਉਨ੍ਹਾਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਵਿਕਰੀ ਨਹੀਂ ਹੋ ਸਕੀ। ਵਿੱਤੀ ਸਾਲ 2020-21 ’ਚ ਦਾਰਜਲਿੰਗ ’ਚ ਚਾਹ ਦੇ ਬਾਗਾਂ ਦੀ ਔਸਤ 350 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਨੀਲਾਮੀ ਹੋਈ ਹੈ ਜਦ ਕਿ 2019-20 ’ਚ ਇਹ ਨੀਲਾਮੀ 330 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋਈ ਸੀ।

ਭਾਰਤੀ ਚਾਹ ਦੀ ਬਰਾਮਦ ’ਚ ਗਿਰਾਵਟ, ਨੇਪਾਲ ਨੂੰ ਮਿਲਣ ਲੱਗੇ ਆਰਡਰ

ਚਮੋਗ ਗਰੁੱਪ ਦੇ ਚੇਅਰਮੈਨ ਅਸ਼ੋਕ ਲੋਹੀਆ ਨੇ ਕਿਹਾ ਕਿ 2017 ’ਚ 104 ਦਿਨ ਤੱਕ ਚੱਲੇ ਗੋਰਖਾਲੈਂਡ ਅੰਦੋਲਨ ਕਾਰਨ ਚਾਹ ਦਾ ਉਤਪਾਦਨ 72 ਫੀਸਦੀ ਘੱਟ ਹੋ ਗਿਆ ਅਤੇ ਇਸ ਦੌਰਾਨ ਉਤਪਾਦਕਾਂ ਨੂੰ 70 ਫੀਸਦੀ ਦਾ ਮਾਲੀਆ ਨੁਕਸਾਨ ਹੋਇਆ। ਚਾਹ ਦਾ ਉਤਪਾਦਨ ਨਾ ਹੋਣ ਕਾਰਨ ਉਤਪਾਦਕ ਵਿਦੇਸ਼ਾਂ ’ਚ ਬਰਾਮਦ ਨਹੀਂ ਕਰ ਸਕੇ ਅਤੇ ਭਾਰਤੀ ਚਾਹ ਦੇ ਜਰਮਨੀ ਅਤੇ ਯੂ. ਕੇ. ਵਰਗੇ ਵੱਡੇ ਦਰਾਮਦਕਾਰਾਂ ਨੇ ਨੇਪਾਲ ਦਾ ਰੁਖ ਕਰ ਲਿਆ ਅਤੇ ਨੇਪਾਲ ਨੇ ਵੱਡੇ ਪੈਮਾਨੇ ’ਤੇ ਯੂਰਪ ’ਚ ਚਾਹ ਬਰਾਮਦ ਕਰਨੀ ਸ਼ੁਰੂ ਕਰ ਦਿੱਤੀ। ਜਰਮਨੀ ਭਾਰਤੀ ਚਾਹ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ ਅਤੇ ਦਸ ਸਾਲ ਪਹਿਲਾਂ ਤੱਕ ਜਰਮਨੀ ਭਾਰਤ ਤੋਂ 2 ਮਿਲੀਅਨ ਕਿਲੋਗ੍ਰਾਮ ਚਾਹ ਦੀ ਦਰਾਮਦ ਕਰਦਾ ਸੀ ਅਤੇ ਇਹ ਪਿਛਲੇ ਸਾਲ ਘੱਟ ਹੋ ਕੇ 1.5 ਿਮਲੀਅਨ ਕਿਲੋਗ੍ਰਾਮ ਰਹਿ ਗਈ ਹੈ। ਚਾਹ ਦੇ ਉਤਪਾਦਨ ਅਤੇ ਬਰਾਮਦ ’ਚ ਲਗਾਤਾਰ ਗਿਰਾਵਟ ਆ ਰਹੀ ਹੈ ਜਦ ਿਕ ਲਾਗਤ ਦੇ ਮੁਤਾਬਕ ਕੀਮਤਾਂ ’ਚ ਵਾਧਾ ਨਹੀਂ ਹੋ ਰਿਹਾ।

ਪਿਛਲੇ ਸਾਲ ਚਾਹ ਦਾ ਉਤਪਾਦਨ 6.7 ਮਿਲੀਅਨ ਕਿਲੋਗ੍ਰਾਮ ਰਿਹਾ ਹੈ ਜਦ ਕਿ 8 ਸਾਲ ਪਹਿਲਾਂ ਇਹ 9 ਮਿਲੀਅਨ ਕਿਲੋਗ੍ਰਾਮ ਸੀ ਜਦ ਕਿ ਅੱਠ ਸਾਲ ਪਹਿਲਾਂ ਚਾਹ ਦੀ ਬਰਾਮਦ 4.14 ਮਿਲੀਅਨ ਕਿਲੋਗ੍ਰਾਮ ਸੀ ਜੋ ਪਿਛਲੇ ਸਾਲ ਘੱਟ ਹੋ ਕੇ 3.10 ਮਿਲੀਅਨ ਕਿਲੋਗ੍ਰਾਮ ਰਹਿ ਗਿਆ। ਇਸ ਸਾਲ ਜਨਵਰੀ ’ਚ ਪੱਛਮੀ ਬੰਗਾਲ ਸਰਕਾਰ ਵਲੋਂ ਘੱਟੋ-ਘੱਟ ਮਜ਼ਦੂਰੀ ਵਧਾ ਕੇ 202 ਰੁਪਏ ਕਰਨ ਨਾਲ ਲੇਬਰ ’ਤੇ ਆਧਾਰਿਤ ਇਸ ਇੰਡਸਟਰੀ ਦੀ ਲਾਗਤ ਵਧੀ ਹੈ। ਇਕ ਚਾਹ ਉਤਪਾਦਕ ਨੇ ਕਿਹਾ ਕਿ ਦਾਰਜਲਿੰਗ ’ਚ ਸ਼ਾਇਦ ਹੀ ਕੋਈ ਅਜਿਹਾ ਚਾਹ ਦਾ ਬਾਗ ਹੋਵੇਗਾ, ਜਿਸ ਨੂੰ ਇਸ ਸਮੇਂ ਮੁਨਾਫਾ ਹੋਵੇਗਾ ਅਤੇ ਕਈ ਬਾਗ ਇਸ ਸਮੇਂ ਵਿਕਰੀ ’ਤੇ ਲੱਗੇ ਹਨ ਪਰ ਉਨ੍ਹਾਂ ਨੂੰ ਕੋਈ ਖਰੀਦਦਾਰ ਨਹੀਂ ਮਿਲ ਰਿਹਾ।

ਭਾਰਤ ’ਚ ਚਾਹ ਦਾ ਉਤਪਾਦਨ-ਜਨਵਰੀ ਤੋਂ ਦਸੰਬਰ

ਖੇਤਰ -                               2017        2018            2019                2020

ਦਾਰਜਲਿੰਗ                         3.21         7.69              7.96                    6.7

ਆਸਾਮ                               675.17      691.91        716.49             618.35

ਉੱਤਰੀ ਖੇਤਰ ਦਾ ਕੁਲ            1087.11      1113.76     1171.09           1034.06

ਦੱਖਣੀ ਖੇਤਰ ਦਾ ਕੁਲ             234.65         224.87         218.99          221.54

ਭਾਰਤ ਦਾ ਕੁਲ                      1321.76     1338.63       1390.08         1255.60


author

Harinder Kaur

Content Editor

Related News