ਸੀਮਿੰਟ ਸਮਰੱਥਾ ਨੂੰ ਵਧਾਉਣ ਲਈ 19,000 ਕਰੋੜ ਰੁਪਏ ਖ਼ਰਚ ਕਰੇਗੀ ਡਾਲਮੀਆ ਭਾਰਤ
Monday, Jun 12, 2023 - 02:49 PM (IST)
ਬਿਜ਼ਨਸ - ਦੇਸ਼ ਦੀ ਚੌਥੀ ਸਭ ਤੋਂ ਵੱਡੀ ਸੀਮਿੰਟ ਨਿਰਮਾਤਾ ਡਾਲਮੀਆ ਭਾਰਤ 2031 ਤੱਕ ਆਪਣੀ ਸੀਮਿੰਟ ਸਮਰੱਥਾ ਨੂੰ 120 ਮਿਲੀਅਨ ਟਨ ਪ੍ਰਤੀ ਸਾਲ ਤੱਕ ਵਧਾਉਣ ਲਈ ਲਗਭਗ 19,000 ਕਰੋੜ ਰੁਪਏ ਖ਼ਰਚ ਕਰੇਗੀ ਤਾਂ ਕਿ ਵਿਕਾਸਸ਼ੀਲ ਬੁਨਿਆਦੀ ਢਾਂਚੇ ਅਤੇ ਰਿਹਾਇਸ਼ੀ ਖੇਤਰ 'ਤੇ ਕੈਸ਼ ਇਨ ਕੀਤਾ ਜਾ ਸਕੇ। ਸੂਤਰਾਂ ਅਨੁਸਾਰ ਇਸ ਸਮੇਂ ਕੰਪਨੀ ਕੋਲ 10 ਰਾਜਾਂ ਵਿੱਚ ਫੈਲੇ 41.1 ਮਿਲੀਅਨ ਟਨ ਪ੍ਰਤੀ ਸਾਲ ਦੀ ਸਮਰੱਥਾ ਵਾਲੇ 14 ਸੀਮਿੰਟ ਪਲਾਂਟ ਅਤੇ ਪੀਸਣ ਵਾਲੀਆਂ ਇਕਾਈਆਂ ਹਨ। ਪਿਛਲੇ ਸਾਲ ਦਸੰਬਰ ਵਿੱਚ ਇਸ ਨੇ 5,666 ਕਰੋੜ ਰੁਪਏ ਵਿੱਚ ਜੇਪੀ ਗਰੁੱਪ ਦੀ 9.4 ਮਿਲੀਅਨ ਟਨ ਪ੍ਰਤੀ ਸਾਲ ਸੀਮਿੰਟ ਸਮਰੱਥਾ ਹਾਸਲ ਕੀਤੀ ਸੀ, ਜਿਸ ਨੂੰ ਇਸ ਦੇ ਸੰਚਾਲਨ ਨਾਲ ਜੋੜਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਭਾਰਤ ਅਗਲੇ ਦਹਾਕੇ ਵਿੱਚ ਬੁਨਿਆਦੀ ਢਾਂਚੇ ਵਿੱਚ ਇੱਕ ਲੱਖ ਕਰੋੜ ਡਾਲਰ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਇਸ ਨਿਵੇਸ਼ ਨਾਲ ਸੀਮਿੰਟ ਦੀ ਮੰਗ ਵਿੱਚ ਬਹੁਤ ਜ਼ਿਆਦਾ ਵਾਧਾ ਹੋਵੇਗਾ। ਇਸ ਨਾਲ ਕੇਂਦਰੀ ਭਾਰਤ ਅਤੇ ਉੱਤਰੀ ਭਾਰਤ ਦੇ ਬਾਜ਼ਾਰ ਤੱਕ ਹੋਰ ਪਹੁੰਚ ਹੋਵੇਗੀ। ਇਸ ਸਮੇਂ ਸਮੁੱਚਾ ਸੀਮਿੰਟ ਉਦਯੋਗ ਵਿਕਾਸ ਦੇ ਇੱਕ ਨਾਜ਼ੁਕ ਪੜਾਅ 'ਤੇ ਹੈ। ਇਸ ਸਾਲ ਮਾਰਚ ਨੂੰ ਖ਼ਤਮ ਹੋਈ ਤਿਮਾਹੀ ਵਿੱਚ ਚੋਟੀ ਦੀਆਂ 10 ਭਾਰਤੀ ਸੀਮਿੰਟ ਕੰਪਨੀਆਂ ਨੇ ਵਾਲੀਅਮ ਵਿੱਚ ਸਾਲ ਦਰ ਸਾਲ 12 ਫ਼ੀਸਦੀ ਦਾ ਵਾਧਾ ਕੀਤਾ ਹੈ, ਦੂਜੇ ਪਾਸੇ ਬਿਜਲੀ ਦੀ ਲਾਗਤ ਅਤੇ ਈਂਧਨ ਵਿੱਚ 20 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਤੀਜੇ ਵਜੋਂ ਇਸ ਸਾਲ ਜਨਵਰੀ ਤੋਂ ਸੀਮਿੰਟ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਸੁਧਾਰ ਹੋਇਆ ਹੈ।