ਡਾਬਰ ਦੀ ਮਸਾਲਾ ਮਾਰਕੀਟ ’ਚ ਐਂਟਰੀ, ਬਾਦਸ਼ਾਹ ’ਤੇ ਲਾਇਆ ਦਾਅ, 587 ਕਰੋੜ ਰੁਪਏ ਦੀ ਹੈ ਡੀਲ

Thursday, Oct 27, 2022 - 02:20 PM (IST)

ਨਵੀਂ ਦਿੱਲੀ–ਐੱਫ. ਐੱਮ. ਸੀ. ਜੀ. ਦੀ ਦਿੱਗਜ਼ ਕੰਪਨੀ ਡਾਬਰ ਨੇ ਬਾਦਸ਼ਾਹ ਮਸਾਲਾ ਪ੍ਰਾਈਵੇਟ ਲਿਮਟਿਡ ਦੀ 51 ਫੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। ਇਹ ਡੀਲ 587.52 ਕਰੋੜ ਰੁਪਏ ਦੀ ਹੈ, ਜਿਸ ’ਚ ਬਾਦਸ਼ਾਹ ਉੱਦਮ ਦਾ ਮੁੱਲ 1,152 ਕਰੋੜ ਰੁਪਏ ਹੈ। ਇਸ ਡੀਲ ਦੇ ਪੂਰਾ ਹੋਣ ਦੇ ਨਾਲ ਹੀ ਡਾਬਰ ਦੀ 25000 ਕਰੋੜ ਰੁਪਏ ਦੇ ਮਸਾਲਾ ਮਾਰਕੀਟ ’ਚ ਐਂਟਰੀ ਹੋ ਜਾਏਗੀ। ਤੁਹਾਨੂੰ ਦੱਸ ਦਈਏ ਕਿ ਬਾਦਸ਼ਾਹ ਪੀਸੇ ਹੋਏ ਅਤੇ ਮਿਕਸ ਮਸਾਲਿਆਂ ਦੇ ਨਿਰਮਾਣ ਨਾਲ-ਨਾਲ ਐਕਸਪੋਰਟ ਤੱਕ ਦੇ ਕਾਰੋਬਾਰ ’ਚ ਲੱਗੀ ਹੋਈ ਹੈ।
ਕੀ ਕਿਹਾ ਡਾਬਰ ਚੇਅਰਮੈਨ ਨੇ
ਐਕਵਾਇਰ ਦਾ ਐਲਾਨ ਕਰਦੇ ਹੋਏ ਡਾਬਰ ਇੰਡੀਆ ਦੇ ਚੇਅਰਮੈਨ ਮੋਹਿਤ ਬਰਮਨ ਨੇ ਕਿਹਾ ਕਿ ਇਹ ਵੱਡਾ ਅਤੇ ਆਕਰਸ਼ਕ ਬਾਜ਼ਾਰ ਹੈ। ਬਾਦਸ਼ਾਹ ਮਸਾਲਾ ਇਸ ਖੇਤਰ ’ਚ ਪ੍ਰਮੁੱਖ ਖਿਡਾਰੀਆਂ ’ਚੋਂ ਇਕ ਹੈ। ਉਨ੍ਹਾਂ ਨੇ ਕਿਹਾ ਕਿ ਬਾਦਸ਼ਾਹ ਮਸਾਲਾ ’ਚ ਡਾਬਰ ਦੇ ਨਿਵੇਸ਼ ਨਾਲ ਇਸ ਕਾਰੋਬਾਰ ਦੇ ਵਿਸਤਾਰ ’ਚ ਮਦਦ ਮਿਲੇਗੀ ਅਤੇ ਹਾਈ ਕੁਆਲਿਟੀ ਵਾਲੇ ਪ੍ਰੋਡਕਟ ਮੁਹੱਈਆ ਕਰਵਾਉਣਾ ਜਾਰੀ ਰਹੇਗਾ।
ਬਰਮਨ ਦੇ ਅਨੁਸਾਰ, ਅਸੀਂ ਮਸਾਲਾ ਕਾਰੋਬਾਰ ਨੂੰ ਵਿਸ਼ਵ ਪੱਧਰ ’ਤੇ ਲਿਜਾਣ ਲਈ ਅੰਤਰਰਾਸ਼ਟਰੀ ਬਾਜ਼ਾਰ ਦੀ ਮੌਜੂਦਗੀ ਦਾ ਲਾਭ ਉਠਾਉਣ ਦਾ ਇਰਾਦਾ ਰੱਖਦੇ ਹਾਂ। ਡਾਬਰ ਇੰਡੀਆ ਸਮੂਹ ਦੇ ਡਾਇਰੈਕਟਰ ਪੀ. ਡੀ. ਨਾਰੰਗ ਨੇ ਕਿਹਾ ਕਿ ਐਕਵਾਇਰਮੈਂਟ ਇਸ ਵਿੱਤੀ ਸਾਲ ਦੇ ਅੰਦਰ ਪੂਰੀ ਹੋਣ ਦੀ ਉਮੀਦ ਹੈ।
ਸਤੰਬਰ ਤਿਮਾਹੀ ਦੇ ਨਤੀਜੇ
ਜੁਲਾਈ-ਸਤੰਬਰ ਦੀ ਤਿਮਾਹੀ ’ਚ ਡਾਬਰ ਇੰਡੀਆ ਦਾ ਸ਼ੁੱਧ ਲਾਭ 2.85 ਫੀਸਦੀ ਘਟ ਕੇ 490.86 ਕਰੋੜ ਰੁਪਏ ਰਹਿ ਗਿਆ। ਹਾਲਾਂਕਿ ਕੰਪਨੀ ਦੀ ਆਪ੍ਰੇਟਿੰਗ ਆਮਦਨ 2022-23 ਦੀ ਦੂਜੀ ਤਿਮਾਹੀ ’ਚ 6 ਫੀਸਦੀ ਵਧ ਕੇ 2,986.49 ਕਰੋੜ ਰੁਪਏ ’ਤੇ ਪਹੁੰਚ ਗਈ। ਡਾਬਰ ਇੰਡੀਆ ਦਾ ਕੁੱਲ ਖਰਚਾ ਵੀ 8.94 ਫੀਸਦੀ ਵਧ ਕੇ 2,471.28 ਕਰੋੜ ਰੁਪਏ ਹੋ ਗਿਆ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News