Import ਮਹਿੰਗੀ ਹੋਣ ਕਾਰਨ ਚਾਲੂ ਖਾਤੇ ਦਾ ਘਾਟਾ ਵਧਣ ਦਾ ਖਦਸ਼ਾ : ਵਿੱਤ ਮੰਤਰਾਲਾ
Friday, Jul 15, 2022 - 12:44 PM (IST)
ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰਾਲਾ ਨੇ ਚਾਲੂ ਵਿੱਤੀ ਸਾਲ ’ਚ ਇੰਪੋਰਟ ਮਹਿੰਗੀ ਹੋਣ ਅਤੇ ਵਸਤੂ ਐਕਸਪੋਰਟ ਨਰਮ ਰਹਿਣ ਕਾਰਨ ਦੇਸ਼ ਦੇ ਚਾਲੂ ਖਾਤੇ ਦੇ ਘਾਟੇ (ਕੈਡ) ਦੇ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਮੰਤਰਾਲਾ ਨੇ ਵੀਰਵਾਰ ਨੂੰ ਜਾਰੀ ਆਪਣੀ ਮਾਸਿਕ ਆਰਥਿਕ ਸਮੀਖਿਆ ’ਚ ਇਹ ਮੁਲਾਂਕਣ ਪੇਸ਼ ਕੀਤਾ।
ਇਸ ਦੇ ਮੁਤਾਬਕ ਜੇ ਮੰਦੀ ਦੀਆਂ ਚਿੰਤਾਵਾਂ ਨਾਲ ਖਾਣ ਵਾਲੇ ਪਦਾਰਥਾਂ ਅਤੇ ਈਂਧਨ ਦੀਆਂ ਕੀਮਤਾਂ ’ਚ ਟਿਕਾਊ ਅਤੇ ਸਾਰਥਕ ਗਿਰਾਵਟ ਨਹੀਂ ਆਉਂਦੀ ਹੈ ਤਾਂ ਭਾਰਤ ਦਾ ਚਾਲੂ ਖਾਤੇ ਦਾ ਘਾਟਾ ਵਿੱਤੀ ਸਾਲ 2022-23 ’ਚ ਵਧ ਜਾਵੇਗਾ। ਅਜਿਹਾ ਇੰਪੋਰਟ ਮਹਿੰਗੀ ਹੋਣ ਅਤੇ ਵਸਤਾਂ ਦੀ ਐਕਸਪੋਰਟ ’ਚ ਨਰਮੀ ਆਉਣ ਕਾਰਨ ਹੋਵੇਗਾ। ਵਿੱਤੀ ਸਾਲ 2021-22 ’ਚ ਚਾਲੂ ਖਾਤੇ ਦਾ ਘਾਟਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 1.2 ਫੀਸਦੀ ਰਿਹਾ ਸੀ। ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ ’ਚ ਇਹ ਜੀ. ਡੀ. ਪੀ. ਦੇ 3 ਫੀਸਦੀ ਤੱਕ ਪਹੁੰਚ ਸਕਦਾ ਹੈ।
ਮੰਤਰਾਲਾ ਦਾ ਮੰਨਣਾ ਹੈ ਕਿ ਗਲੋਬਲ ਹਾਲਾਤ ਦੇਸ਼ ਦੇ ਵਾਧੇ ਲਈ ਜੋਖਮ ਪੈਦਾ ਕਰਨਾ ਜਾਰੀ ਰੱਖਣਗੇ ਕਿਉਂਕਿ ਘਰੇਲੂ ਪੱਧਰ ’ਤੇ ਮਹਿੰਗਾਈ ਵਧਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੱਚੇ ਤੇਲ ਅਤੇ ਖਾਣ ਵਾਲੇ ਤੇਲਾਂ ਲਈ ਦੇਸ਼ ਮੁੱਖ ਤੌਰ ’ਤੇ ਇੰਪੋਰਟ ’ਤੇ ਨਿਰਭਰ ਹੈ। ਮੌਜੂਦਾ ਹਾਲਾਤਾਂ ਦੇ ਸੰਦਰਭ ’ਚ ਵਿੱਤ ਮੰਤਰਾਲਾ ਦਾ ਕਹਿਣਾ ਹੈ ਕਿ ਮੰਦੀ ਦੇ ਖਦਸ਼ਿਆਂ ਨੇ ਕੱਚੇ ਤੇਲ ਅਤੇ ਖਾਣ ਵਾਲੇ ਤੇਲਾਂ ਦੀਆਂ ਗਲੋਬਲ ਕੀਮਤਾਂ ਨੂੰ ਕੁੱਝ ਹੱਦ ਤੱਕ ਨਰਮ ਕੀਤਾ ਹੈ। ਇਹ ਭਾਰਤ ’ਚ ਮਹਿੰਗਾਈ ਦੇ ਦਬਾਅ ਨੂੰ ਕਮਜ਼ੋਰ ਕਰੇਗਾ ਅਤੇ ਮਹਿੰਗਾਈ ’ਚ ਕਮੀ ਆਵੇਗੀ।
ਵਿੱਤ ਮੰਤਰਾਲਾ ਨੇ ਕਿਹਾ ਕਿ ਸੇਵਾਵਾਂ ਦੀ ਐਕਸਪੋਰਟ ’ਚ ਵਾਧੇ ਨਾਲ ਚਾਲੂ ਖਾਤੇ ਦੇ ਘਾਟੇ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਭਾਰਤ ਵਸਤੂ ਬਰਾਮਦ ਦੀ ਤੁਲਨਾ ’ਚ ਸੇਵਾ ਬਰਾਮਦ ’ਚ ਕਾਫੀ ਚੰਗੀ ਸਥਿਤੀ ’ਚ ਹੈ। ਹਾਲਾਂਕਿ ਬੀਤੇ ਛੇ ਮਹੀਨਿਆਂ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ ਕਰੀਬ 6 ਫੀਸਦੀ ਡਿਗਣ ਨਾਲ ਵੀ ਚਾਲੂ ਖਾਤੇ ਦਾ ਘਾਟਾ ਵਧਣ ਦਾ ਜੋਖਮ ਹੈ। ਇਹ ਵੱਖ ਗੱਲ ਹੈ ਕਿ ਹੋਰ ਖੇਤਰੀ ਮੁਦਰਾਵਾਂ ਦੀ ਤੁਲਨਾ ’ਚ ਰੁਪਏ ਨੇ ਡਾਲਰ ਦੇ ਮੁਕਾਬਲੇ ਕਿਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਮੰਤਰਾਲਾ ਨੇ ਕਿਹਾ ਕਿ ਵਧਦੇ ਚਾਲੂ ਖਾਤੇ ਦੇ ਘਾਟੇ ਦੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀ ਨਿਕਾਸੀ ਵਧਣ ਨਾਲ ਪਿਛਲੇ 6 ਮਹੀਨਿਆਂ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 34 ਅਰਬ ਘੱਟ ਹੋ ਗਿਆ ਹੈ।