ਉਤਪਾਦਨ ਘੱਟ ਹੋਣ ਕਾਰਨ ਜੀਰਾ 5 ਸਾਲਾਂ ਦਾ ਉੱਚ ਪੱਧਰ ਛੂਹਣ ਨੂੰ ਤਿਆਰ
Wednesday, May 04, 2022 - 01:45 PM (IST)
ਮੁੰਬਈ–ਬਿਜਾਈ ਦਾ ਘੱਟ ਰਕਬਾ ਹੋਣ ਅਤੇ ਵਧੇਰੇ ਮੀਂਹ ਕਾਰਨ ਫਸਲ ਨੂੰ ਨੁਕਸਾਨ ਹੋਣ ਕਾਰਨ ਜੀਰੇ ਦੀਆਂ ਕੀਮਤਾਂ ਫਸਲ ਸੈਸ਼ਨ 2021-2022 ’ਚ 30-35 ਫੀਸਦੀ ਤੱਕ ਵਧ ਕੇ 5 ਸਾਲ ਦੇ ਉੱਚ ਪੱਧਰ ਨੂੰ ਛੂਹਣ ਲਈ ਤਿਆਰ ਹਨ। ਕ੍ਰਿਸਿਲ ਰਿਸਰਚ ਨੇ ਆਪਣੀ ਇਕ ਰਿਪੋਰਟ ’ਚ ਕਿਹਾ ਕਿ ਉਪਜ ਘੱਟ ਹੋਣ ਨਾਲ ਜੀਰੇ ਦੇ ਭਾਅ 165-170 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਜਾ ਸਕਦੇ ਹਨ। ਫਸਲ ਸੈਸ਼ਨ 2021-22 (ਨਵੰਬਰ-ਮਈ) ਵਿਚ ਕਈ ਕਾਰਨਾਂ ਕਰ ਕੇ ਜੀਰੇ ਦਾ ਉਤਪਾਦਨ ਘੱਟ ਰਹਿਣ ਦਾ ਖਦਸ਼ਾ ਹੈ।
ਕ੍ਰਿਸਿਲ ਮੁਤਾਬਕ ਹਾੜੀ ਸੀਜ਼ਨ 2021-22 ਦੌਰਾਨ ਜੀਰੇ ਦਾ ਰਕਬਾ ਵੀ ਸਾਲ-ਦਰ-ਸਾਲ ਅਨੁਮਾਨਿਤ ਰੂਪ ਨਾਲ 21 ਫੀਸਦੀ ਘਟ ਕੇ 9.83 ਲੱਖ ਹੈਕਟੇਅਰ ਰਹਿ ਗਿਆ। ਦੋ ਪ੍ਰਮੁੱਖ ਜੀਰਾ ਉਤਪਾਦਕ ਸੂਬਿਆਂ ’ਚੋਂ ਗੁਜਰਾਤ ’ਚ ਇਸ ਦੀ ਖੇਤੀ ਦੇ ਰਕਬੇ ’ਚ 22 ਫੀਸਦੀ ਅਤੇ ਰਾਜਸਥਾਨ ’ਚ 20 ਫੀਸਦੀ ਦੀ ਗਿਰਾਵਟ ਆਈ ਹੈ। ਰਿਪੋਰਟ ਮੁਤਾਬਕ ਰਕਬੇ ’ਚ ਗਿਰਾਵਟ ਕਿਸਾਨਾਂ ਵਲੋਂ ਸਰ੍ਹੋਂ ਅਤੇ ਛੋਲੇ ਦੀਆਂ ਫਸਲਾਂ ਦਾ ਰੁਖ ਕਰਨ ਕਾਰਨ ਹੋਈ ਹੈ। ਸਰ੍ਹੋਂ ਅਤੇ ਛੋਲਿਆਂ ਦੀਆਂ ਕੀਮਤਾਂ ’ਚ ਉਛਾਲ ਆਉਣ ਨਾਲ ਕਿਸਾਨ ਉਨ੍ਹਾਂ ਦੀ ਖੇਤੀ ਲਈ ਆਕਰਸ਼ਿਤ ਹੋਏ ਹਨ।