ਪੈਟਰੋਲ ਹੋ ਸਕਦੈ 80 ਰੁਪਏ ਤੋਂ ਪਾਰ, ਜਨਤਾ 'ਤੇ ਪਵੇਗੀ ਮਹਿੰਗਾਈ ਦੀ ਮਾਰ

11/03/2017 10:43:45 AM

ਨਵੀਂ ਦਿੱਲੀ— ਦੇਸ਼ ਦੀ ਜਨਤਾ ਨੂੰ ਛੇਤੀ ਹੀ ਮਹਿੰਗਾਈ ਦਾ ਇਕ ਹੋਰ ਝਟਕਾ ਲੱਗ ਸਕਦਾ ਹੈ। ਤਾਜ਼ਾ ਰਿਪੋਰਟ ਮੁਤਾਬਕ ਪੈਟਰੋਲ ਦੀਆਂ ਕੀਮਤਾਂ 80 ਰੁਪਏ ਤੋਂ ਪਾਰ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਡੀਜ਼ਲ ਦੀਆਂ ਵੀ ਕੀਮਤਾਂ ਆਉਣ ਵਾਲੇ ਸਮੇਂ 'ਚ 70 ਰੁਪਏ ਤੋਂ ਪਾਰ ਪੁੱਜਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬੀਤੇ ਦਿਨੀਂ ਘਰੇਲੂ ਗੈਸ ਦੇ ਮੁੱਲ ਵਧਾ ਦਿੱਤੇ ਸਨ।  


ਜਾਣਕਾਰੀ ਮੁਤਾਬਕ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਧ ਕੇ 61.50 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ ਜੋ 2 ਸਾਲ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਪਹਿਲਾਂ ਜੁਲਾਈ, 2015 'ਚ ਕੱਚਾ ਤੇਲ ਇਸ ਕੀਮਤ 'ਤੇ ਪੁੱਜਾ ਸੀ। ਇਸ ਸਾਲ ਦੀ ਸ਼ੁਰੂਆਤ 'ਚ ਕੱਚਾ ਤੇਲ 55 ਡਾਲਰ ਪ੍ਰਤੀ ਬੈਰਲ ਸੀ ਜੋ ਜੂਨ 'ਚ 44 ਡਾਲਰ ਤੱਕ ਆ ਗਿਆ ਸੀ। ਪਿਛਲੇ 30 ਦਿਨਾਂ 'ਚ ਕੀਮਤਾਂ 10 ਫ਼ੀਸਦੀ, ਉਥੇ ਹੀ ਜੂਨ 2017 ਤੋਂ ਬਾਅਦ 36 ਫ਼ੀਸਦੀ ਤੋਂ ਜ਼ਿਆਦਾ ਵਧ ਗਈਆਂ ਹਨ। ਡਬਲਿਊ. ਟੀ. ਆਈ. ਕਰੂਡ (ਯੂ. ਐੱਸ. ਵੈਸਟ ਟੈਕਸਾਸ ਇੰਟਰਮੀਡੀਏਟ) ਦੀਆਂ ਕੀਮਤਾਂ 30 ਦਿਨਾਂ 'ਚ 51.63 ਡਾਲਰ ਪ੍ਰਤੀ ਬੈਰਲ ਤੋਂ 54.94 ਡਾਲਰ ਪ੍ਰਤੀ ਬੈਰਲ ਹੋ ਗਈਆਂ ਹਨ। ਜੂਨ ਤੋਂ ਬਾਅਦ ਡਬਲਿਊ. ਟੀ. ਆਈ. ਕਰੂਡ 30 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ। ਕਮੋਡਿਟੀ ਐਕਸਪਟਰਸ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ ਰਹਿਣ ਦਾ ਅੰਦਾਜ਼ਾ ਹੈ। ਦਸੰਬਰ ਤੱਕ ਕੀਮਤਾਂ 64 ਡਾਲਰ ਪ੍ਰਤੀ ਬੈਰਲ ਦਾ ਭਾਅ ਪਾਰ ਕਰ ਸਕਦੀਆਂ ਹਨ। ਅਜਿਹੇ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਉਥੇ ਹੀ ਜੇਕਰ ਕੀਮਤਾਂ ਵਧਦੀਆਂ ਹਨ ਤਾਂ ਟੈਕਸ ਕੱਟ ਦੀ ਡਿਮਾਂਡ ਉਠ ਸਕਦੀ ਹੈ।


ਓਪੇਕ ਨੇ ਘਟਾਇਆ ਤੇਲ ਦਾ ਉਤਪਾਦਨ
ਓਪੇਕ ਦੇਸ਼ਾਂ ਨੇ ਕੱਚੇ ਤੇਲ ਦਾ ਉਤਪਾਦਨ 1.8 ਮਿਲੀਅਨ ਬੈਰਲ ਘਟਾ ਦਿੱਤਾ, ਹਾਲਾਂਕਿ ਮੰਗ ਜ਼ਿਆਦਾ ਹੋਣ ਕਾਰਨ ਇਸ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੌਮਾਂਤਰੀ ਸੰਕੇਤਾਂ ਤੋਂ ਲੱਗਦਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਅੱਗੇ ਹੋਰ ਵਧਣਗੀਆਂ, ਜਿਸ ਨਾਲ ਦੇਸ਼ 'ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਐਕਸਪਰਟਸ ਮੁਤਾਬਕ ਲੋਕਾਂ 'ਤੇ ਇਸਦਾ ਬੋਝ ਜ਼ਿਆਦਾ ਨਾ ਪਏ, ਇਸ ਦੇ ਲਈ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣਾ ਪਵੇਗਾ। ਜੇਕਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਰ ਵਧੀਆਂ ਤਾਂ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲੇਗਾ ਅਤੇ ਇਹ ਕੇਂਦਰ ਦੇ ਨਾਲ-ਨਾਲ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਮੁਸ਼ਕਿਲ 'ਚ ਪਾ ਸਕਦਾ ਹੈ।
ਐਕਸਾਈਜ਼ ਤੇ ਵੈਟ ਘਟਣ ਨਾਲ ਵੀ ਨਹੀਂ ਮਿਲੀ ਰਾਹਤ
ਜ਼ਿਕਰਯੋਗ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਦਾ ਫਾਇਦਾ ਉਠਾ ਕੇ ਸਰਕਾਰ ਨੇ 2014 ਤੋਂ 2016 ਵਿਚਕਾਰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ ਕਈ ਵਾਰ ਵਾਧਾ ਕੀਤਾ ਸੀ। ਹਾਲ ਹੀ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਵਧਣ 'ਤੇ ਸਰਕਾਰ ਨੇ ਐਕਸਾਈਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਘਟਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਕੀਮਤਾਂ 'ਚ ਕੋਈ ਜ਼ਿਆਦਾ ਫਰਕ ਨਜ਼ਰ ਨਹੀਂ ਆਇਆ। ਉੱਥੇ ਹੀ ਕਈ ਸੂਬਿਆਂ ਨੇ ਵੈਟ 'ਚ ਕਟੌਤੀ ਵੀ ਕੀਤੀ  ਪਰ ਰੋਜ਼ਾਨਾ ਕੀਮਤਾਂ ਵਧਣ ਨਾਲ ਪੈਟਰੋਲ-ਡੀਜ਼ਲ ਫਿਰ ਉਚਾਈ 'ਤੇ ਪਹੁੰਚ ਗਏ ਹਨ। 3 ਅਕਤੂਬਰ ਨੂੰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਘੱਟ ਕੀਤੀ ਗਈ ਸੀ ਅਤੇ ਉਸ ਦਿਨ ਦਿੱਲੀ 'ਚ ਪੈਟਰੋਲ 70.88 ਰੁਪਏ ਸੀ। 4 ਅਕਤੂਬਰ ਨੂੰ ਇਹ ਘੱਟ ਕੇ 68.38 ਰੁਪਏ ਹੋ ਗਿਆ ਸੀ। 1 ਨਵੰਬਰ ਨੂੰ ਇਕ ਵਾਰ ਫਿਰ ਤੋਂ ਇਹ 69.14 ਰੁਪਏ ਹੋ ਗਿਆ। ਇਸ ਹਿਸਾਬ ਨਾਲ ਹੀ ਦੇਸ਼ ਦੇ ਹੋਰ ਸ਼ਹਿਰਾਂ 'ਚ ਫਿਰ ਤੋਂ ਮੁੱਲ ਇਕ ਮਹੀਨੇ ਦੇ ਪੁਰਾਣੇ ਪੱਧਰ ਤੋਂ ਜ਼ਿਆਦਾ 'ਤੇ ਪਹੁੰਚ ਗਏ ਹਨ।


Related News