ਜੁਲਾਈ ’ਚ ਟੀਚੇ ਤੋਂ ਘੱਟ ਰਿਹਾ ਕੱਚੇ ਤੇਲ ਦਾ ਉਤਪਾਦਨ, ਮੰਤਰਾਲਾ ਨੇ ਜਾਰੀ ਕੀਤੇ ਅੰਕੜੇ
Wednesday, Aug 24, 2022 - 05:31 PM (IST)
ਨਵੀਂ ਦਿੱਲੀ–ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਨੇ ਕਿਹਾ ਕਿ ਭਾਰਤ ਨੇ ਇਸ ਸਾਲ ਜੁਲਾਈ ਮਹੀਨੇ ’ਚ 24.5 ਲੱਖ ਟਨ ਕੱਚੇ ਤੇਲ ਦਾ ਉਤਪਾਦਨ ਕੀਤਾ। ਇਹ ਜੁਲਾਈ ਮਹੀਨੇ ਲਈ ਨਿਰਧਾਰਤ ਟੀਚੇ ਦੀ ਤੁਲਨਾ ’ਚ 5.57 ਫੀਸਦੀ ਘੱਟ ਹੈ। ਉੱਥੇ ਹੀ ਬੀਤੇ ਸਾਲ ਦੇ ਜੁਲਾਈ ਮਹੀਨੇ ਦੀ ਤੁਲਨਾ ’ਚ ਕੱਚੇ ਤੇਲ ਦੇ ਉਤਪਾਦਨ ’ਚ 3.76 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਜਨਤਕ ਖੇਤਰ ਦੀ ਓ. ਐੱਨ. ਜੀ. ਸੀ. ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਵਲੋਂ ਸੰਚਾਲਿਤ ਖੇਤਰਾਂ ਤੋਂ ਘੱਟ ਉਤਪਾਦਨ ਕਾਰਨ ਕੱਚੇ ਤੇਲ ਦਾ ਉਤਪਾਦਨ ਘਟਿਆ ਹੈ। ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਕੱਚੇ ਤੇਲ ਦਾ ਉਤਪਾਦਨ ਜੁਲਾਈ ’ਚ ਘਟ ਕੇ 24.5 ਲੱਖ ਟਨ ਰਹਿ ਗਿਆ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 25.4 ਲੱਖ ਟਨ ਸੀ। ਕੱਚੇ ਤੇਲ ਦੀ ਪ੍ਰੋਸੈਸਿੰਗ ਕਰ ਕੇ ਹੀ ਪੈਟਰੋਲ ਅਤੇ ਡੀਜ਼ਲ ਈਂਧਨ ਦਾ ਉਤਪਾਦਨ ਕੀਤਾ ਜਾਂਦਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਜੁਲਾਈ ’ਚ ਕੱਚੇ ਤੇਲ ਦਾ ਉਤਪਾਦਨ 25.9 ਲੱਖ ਟਨ ਦੇ ਮਾਸਿਕ ਟੀਚੇ ਤੋਂ ਘੱਟ ਹੈ।
ਆਇਲ ਐਂਡ ਨੈਚੁਰਲ ਗੈਸ ਲਿਮ. (ਓ. ਐੱਨ. ਜੀ. ਸੀ.) ਨੇ ਪੱਛਮੀ ਤੱਟ ਤੋਂ ਇਸ ਦੌਰਾਨ 16.3 ਲੱਖ ਟਨ ਕੱਚੇ ਤੇਲ ਦਾ ਉਤਪਾਦਨ ਕੀਤਾ ਜੋ 1.7 ਫੀਸਦੀ ਘੱਟ ਹੈ। ਨਿੱਜੀ ਕੰਪਨੀਆਂ ਵਲੋਂ ਸੰਚਾਲਿਤ ਖੇਤਰਾਂ ’ਚ ਉਤਪਾਦਨ ’ਚ 12.34 ਫੀਸਦੀ ਦੀ ਗਿਰਾਵਟ ਦੇਖੀ ਗਈ। ਹਾਲਾਂਕਿ ਚਾਲੂ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ ਦੌਰਾਨ ਕੱਚੇ ਤੇਲ ਦਾ ਉਤਪਾਦਨ 99.1 ਲੱਖ ਟਨ ਰਿਹਾ ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ 99.6 ਲੱਖ ਟਨ ਦੇ ਉਤਪਾਦਨ ਤੋਂ ਥੋੜਾ ਹੀ ਘੱਟ ਹੈ।
ਕੁਦਰਤੀ ਗੈਸ ਦਾ ਉਤਪਾਦਨ ਲਗਭਗ 2.88 ਅਰਬ ਘਣਮੀਟਰ
ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਚਾਰ ਅਗਸਤ ਨੂੰ ਟਵੀਟ ਕਰ ਕੇ ਕਿਹਾ ਸੀ ਕਿ ਕੱਚੇ ਤੇਲ ਦੇ ਉਤਪਾਦਨ ’ਚ ਗਿਰਾਵਟ ਦਾ ਰੁਖ ਪਲਟ ਗਿਆ ਹੈ। ਮੰਤਰਾਲਾ ਦੇ ਅੰਕੜਿਆਂ ਮੁਤਾਬਕ ਗੁਜਰਾਤ ਅਤੇ ਅਸਾਮ ’ਚ ਓ. ਐੱਨ. ਜੀ. ਸੀ. ਦੇ ਤੇਲ ਖੇਤਰਾਂ ਨੇ ਕੱਚੇ ਤੇਲ ਦਾ ਘੱਟ ਉਤਪਾਦਨ ਕੀਤਾ ਜਦ ਕਿ ਵੇਦਾਂਤਾ ਦੇ ਰਾਜਸਥਾਨ ਬਲਾਕ ’ਚ ਘੱਟ ਉਤਪਾਦਨ ਹੋਇਆ। ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਕੁਦਰਤੀ ਗੈਸ ਦਾ ਉਤਪਾਦਨ ਜੁਲਾਈ ’ਚ ਲਗਭਗ 2.88 ਅਰਬ ਘਣਮੀਟਰ ’ਤੇ ਸਥਿਰ ਰਿਹਾ। ਉੱਥੇ ਹੀ ਅਪ੍ਰੈਲ-ਜੁਲਾਈ ਦੌਰਾਨ ਇਹ 3.4 ਫੀਸਦੀ ਵਧ ਕੇ 11.43 ਅਰਬ ਘਣਮੀਟਰ ਹੋ ਗਿਆ। ਮੁੰਬਈ ਦੇ ਤਟੀ ਦਮਨ ਖੇਤਰ ’ਚ ਘੱਟ ਗੈਸ ਉਤਪਾਦਨ ਕਾਰਨ ਜੁਲਾਈ ’ਚ ਓ. ਐੱਨ. ਜੀ. ਸੀ. ਦਾ ਗੈਸ ਉਤਪਾਦਨ ਲਗਭਗ 4 ਫੀਸਦੀ ਘੱਟ ਸੀ। ਈਂਧਨ ਦੀ ਮੰਗ ਵਧਣ ਕਾਰਨ ਦੇਸ਼ ਦੀਆਂ 22 ਤੇਲ ਰਿਫਾਇਨਰੀਆਂ ਨੇ 2.14 ਕਰੋੜ ਟਨ ਕੱਚੇ ਤੇਲ ਦੀ ਪ੍ਰੋਸੈਸਿੰਗ ਕੀਤੀ ਜੋ 10.52 ਫੀਸਦੀ ਵੱਧ ਹੈ।